ਫਰੀਦਕੋਟ: ਪੁਲਿਸ ਹਿਰਾਸਤ ਵਿੱਚ ਭੇਦ ਭਰੇ ਹਾਲਾਤਾਂ 'ਚ ਹੋਈ ਨੌਜਵਾਨ ਜਸਪਾਲ ਸਿੰਘ ਦੀ ਮੌਤ ਤੇ ਪੁਲਿਸ ਵਲੋਂ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਫਰੀਦਕੋਟ ਦੇ SSP ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਜਾਰੀ ਹੈ। ਬੀਤੇ ਦਿਨ ਸਮਾਜ ਸੇਵੀ ਜਥੇਬੰਦੀਆਂ ਤੇ ਜਸਪਾਲ ਦੇ ਪਰਿਵਾਰ ਵਲੋਂ SSP ਦਫਤਰ 'ਤੇ ਵੱਡਾ ਇਕੱਠ ਕਰ ਕੀਤਾ ਗਿਆ। ਇਸ ਮੌਕੇ ਆਈਜੀ ਮੁਖਰਾਜ ਸਿੰਘ ਨੇ ਲੋਕਾਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤੀ ਕਾਇਮ ਕਰਨ, ਉਹ ਖ਼ੁਦ ਹਰ ਪਹਿਲੂ ਦੀ ਜਾਂਚ ਕਰਨਗੇ। ਉਨ੍ਹਾਂ ਮ੍ਰਿਤਕ ਜਸਪਾਲ ਦੇ ਪਰਿਵਾਰ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣਾ ਵਕੀਲ ਨੂੰ ਵੀ ਜਾਂਚ ਦਾ ਹਿੱਸਾ ਬਣਵਾ ਸਕਦੇ ਹਨ।


ਕਰੀਬ 11 ਦਿਨ ਬੀਤ ਜਾਣ ਬਾਅਦ ਵੀ ਜਸਪਾਲ ਦੀ ਲਾਸ਼ ਨਹੀਂ ਮਿਲੀ। ਧਰਨੇ ਤੋਂ ਪਹਿਲਾਂ ਲੋਕਾਂ ਵਿੱਚ ਸੁਨੇਹਾ ਦਿੱਤਾ ਗਿਆ ਸੀ ਕਿ ਉਹ ਵਿਧਾਇਕ ਦੇ ਘਰ ਦਾ ਘਿਰਾਓ ਕਰਨਗੇ ਪਰ ਐਕਸ਼ਨ ਕਮੇਟੀ ਵਲੋਂ ਇਹ ਫੈਸਲਾ ਰੱਦ ਕਰ ਦਿੱਤਾ ਗਿਆ। ਇਸ ਦੇ ਬਾਅਦ ਲੱਖਾ ਸਿਧਾਣਾ ਨੇ ਵਿਰੋਧ ਕਰ ਕੇ ਆਪਣੇ ਸਮਰਥਕਾਂ ਨਾਲ ਰੋਸ ਮਾਰਚ ਸ਼ੁਰੂ ਕਰ ਦਿੱਤਾ। ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਐਸਐਸਪੀ ਦਫਤਰ ਤੋਂ ਲੈ ਕੇ ਭਾਈ ਘਨੱਈਆ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ।

ਆਈਜੀ ਪੁਲਿਸ ਫਿਰੋਜ਼ਪੁਰ ਰੇਂਜ ਐਮਐਸ ਛੀਨਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵੱਲੋਂ ਤੁਰੰਤ ਜਾਂਚ ਆਰੰਭੀ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਜਸਪਾਲ ਦੀ ਮਾਂ ਨੇ ਕਿਹਾ ਕਿ ਹੁਣ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਉਹ ਆਪਣੇ ਪੁੱਤਰ ਦੀ ਲਾਸ਼ ਦੇਖਣ ਨੂੰ ਤਰਸ ਰਹੀ ਹੈ।

ਆਈਜੀ ਐਮਐਸ ਛੀਨਾ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਸਿੱਟ ਤੋਂ ਇਲਾਵਾ ਜੁਡੀਸ਼ੀਅਲੀ ਜਾਂਚ ਵੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਜਸਪਾਲ ਸਿੰਘ ਦੀ ਲਾਸ਼ ਦੀ ਭਾਲ ਲਗਾਤਾਰ ਜਾਰੀ ਹੈ। ਫਰੀਦਕੋਟ ਤੋਂ ਲੈ ਕੇ ਰਾਜਸਥਾਨ ਤੱਕ ਗੋਤਾਖੋਰਾਂ ਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਨਹਿਰ ਵਿੱਚੋਂ ਲਾਸ਼ ਦੀ ਭਾਲ ਕਰ ਰਹੀਆਂ ਹਨ। ਲਾਸ਼ ਮਿਲਣ ਉਪਰੰਤ ਸਹੀ ਸਿੱਟੇ 'ਤੇ ਪਹੁੰਚਿਆ ਜਾ ਸਕੇਗਾ। ਉਨ੍ਹਾਂ ਪਰਿਵਾਰ ਨੂੰ ਭਰੇਸਾ ਦਿਵਾਇਆ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।