Faridkot News: ਫਰੀਦਕੋਟ ਵਿੱਚ ਪ੍ਰੇਮ ਸਬੰਧਾਂ ਕਾਰਨ ਪੈਦਾ ਹੋਈ ਰੰਜਿਸ਼ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਇੱਕ ਪਰਿਵਾਰ ਨੂੰ ਆਪਣੀ ਜਾਨ ਬਚਾਉਣ ਲਈ ਛੱਤ ਤੋਂ ਛਾਲ ਮਾਰ ਕੇ ਗੁਆਂਢੀਆਂ ਘਰੇ ਲੁੱਕਣਾਂ ਪਿਆ ਪਰ ਹਮਲਾਵਰਾਂ ਵੱਲੋਂ ਘਰ ਦਾ ਸਾਰਾ ਕੀਮਤੀ ਸਾਮਾਨ ਤਹਿਸ ਨਹਿਸ ਕਰ ਦਿੱਤਾ ਗਿਆ। ਉਧਰ, ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਿੱਥੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਦੋਸੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਈ ਪੀੜਤ ਪਰਿਵਾਰ ਗੁਹਾਰ ਲਾ ਰਿਹਾ ਹੈ।
ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦੇ ਰਹੇ ਵੱਡੀ ਗਿਣਤੀ ਨੌਜਵਾਨ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕਿ ਘਰ 'ਤੇ ਹਮਲਾ ਕਰ ਰਹੇ ਹਨ ਤੇ ਭੰਨ੍ਹਤੋੜ ਕਰ ਰਹੇ ਹਨ। ਹਮਲਾਵਰਾਂ ਦੇ ਇਸ ਹਮਲੇ ਵਿੱਚ ਮਕਾਨ ਮਾਲਕਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਨਾਲ ਲੱਗਦੇ ਘਰ ਦੀ ਛੱਤ ਤੇ ਸੌਂ ਰਿਹਾ ਨਾਬਲਿਗ ਹਮਲਾਵਰਾਂ ਵੱਲੋਂ ਚਲਾਈ ਇੱਟ ਨਾਲ ਬੁਰੀ ਤਰ੍ਹਾਂ ਜਖਮੀ ਹੋ ਗਿਆ।
ਹਾਸਲ ਜਾਣਕਾਰੀ ਮੁਤਾਬਕ ਤਿੰਨ ਨੰਬਰ ਗਲੀ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੇ ਘਰ ਕੁਝ ਲੋਕਾਂ ਨੇ ਦੇਰ ਰਾਤ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਭੰਨ੍ਹਤੋੜ ਕੀਤੀ। ਇਸ ਸਬੰਧੀ ਜਦ ਮੌਕੇ ਤੇ ਜਾ ਕੇ ਪੀੜਤ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਮਕਾਨ ਮਾਲਕ ਨੌਜਵਾਨ ਨੇ ਦੱਸਿਆ ਕਿ ਉਹ ਫਾਸਟ ਫੂਡ ਦੀ ਰੇਹੜੀ ਲਾਉਂਦਾ ਹੈ। ਦੇਰ ਰਾਤ ਉਸ ਨੇ ਆਪਣੇ ਭਰਾ ਨੂੰ ਰੇਹੜੀ ਤੇ ਕਿਸੇ ਕੰਮ ਸਬੰਧੀ ਬੁਲਾਇਆ ਸੀ। ਉਸ ਦਾ ਭਰਾ ਉਸ ਨਾਲ ਕੰਮ ਕਰਵਾ ਕੇ ਜਦ ਘਰ ਆਉਣ ਲੱਗਾ ਤਾਂ ਉਸ ਨੂੰ ਉਸ ਦੇ ਕਿਸੇ ਦੋਸਤ ਦਾ ਫੋਨ ਆਇਆ ਤੇ ਉਸ ਕੋਲ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਕੁਝ ਲੋਕਾਂ ਨੇ ਉਸ ਦੇ ਭਰਾ ਤੇ ਉਸ ਦੇ ਦੋਸਤ ਦੀ ਕਾਫੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੇ ਭਰਾ ਦਾ ਦੋਸਤ ਹਸਪਤਾਲ ਭਰਤੀ ਹੋ ਗਿਆ ਪਰ ਉਸ ਦਾ ਭਰਾ ਦਾਖਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਜਦ ਉਹ ਆਪਣਾ ਕੰਮ ਬੰਦ ਕਰਕੇ ਘਰ ਆਇਆ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜੇ ਭੰਨ੍ਹਣੇ ਸ਼ੁਰੂ ਕਰ ਦਿੱਤੇ। ਉਹ ਆਪਣੇ ਬੱਚਿਆਂ, ਪਤਨੀ ਤੇ ਮਾਂ ਨੂੰ ਆਪਣੇ ਘਰ ਦੀ ਛੱਤ ਰਾਹੀਂ ਆਪਣੇ ਗੁਆਂਢੀਆਂ ਘਰੇ ਲੈ ਕੇ ਲੁੱਕ ਗਿਆ ਪਰ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜੇ ਭੰਨ੍ਹ ਕੇ ਅੰਦਰ ਆ ਕੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਸਾਂ ਆਪਣੀ ਜਾਣ ਬਚਾਈ ਹੈ ਪਰ ਉਨ੍ਹਾਂ ਦੇ ਘਰ ਦਾ ਲੱਖਾਂ ਰੁਪਏ ਦਾ ਸਾਮਾਨ ਤੋੜ ਭੰਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਦੀ ਮੁਹੱਲੇ ਦੇ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਹੈ ਜਿਸ ਕਾਰਨ ਉਹ ਉਸ ਨਾਲ ਅਕਸਰ ਲੜਦੇ-ਝਗੜਦੇ ਰਹਿੰਦੇ ਹਨ। ਅੱਜ ਉਨ੍ਹਾਂ ਨੇ ਘਰ ਆ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੇ ਘਰ ਗੁੰਡੇ ਤੋੜ ਭੰਨ ਕਰ ਰਹੇ ਸਨ ਤਾਂ ਉਨ੍ਹਾਂ ਕਈ ਵਾਰ ਪੁਲਿਸ ਨੂੰ ਫੋਨ ਕੀਤਾ ਪਰ ਕਰੀਬ ਇੱਕ ਘੰਟੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਜੋ ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ, ਉਹ ਮੁਹੱਲਾ ਮਾਹੀਖਾਨਾਂ ਦੀ ਹੈ ਜਿੱਥੇ ਦੇਰ ਰਾਤ ਕੁਝ ਲੋਕਾਂ ਨੇ ਇੱਕ ਪਰਿਵਾਰ ਦੇ ਘਰ ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਪਰਿਵਾਰ ਨੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਜ਼ਖਮੀ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਤੇ ਪੰਜ ਲੋਕਾਂ ਖਿਲਾਫ ਬਾਈ ਨੇਮ ਤੇ ਕੁਝ ਅਣਪਛਾਤਿਆ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਕੁਝ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਤਹਿਤ ਹੋਇਆ ਹੈ ਤੇ ਇਹ ਰੰਜਿਸ ਪ੍ਰੇਮ ਸਬੰਧਾਂ ਕਾਰਨ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।