ਫਰੀਦਕੋਟ: ਬੀਤੇ ਦਿਨੀਂ ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ ਅੱਜ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰਨ ਨੂੰ ਲੈ ਕੇ ਫਰੀਦਕੋਟ ਦੇ ਐਸਐਸਪੀ ਦਫ਼ਤਰ ਦੇ ਬਾਹਰ ਧਾਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਪਹੁੰਚੇ ਹਨ। ਇਸ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਖਾਲੜਾ, ਲੱਖਾਂ ਸਿਧਾਣਾ, ਕਿਸਾਨ, ਸਟੂਡੈਂਟਸ ਤੇ ਕਈ ਧਾਰਮਕ ਜਥੇਬੰਦੀਆਂ  ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੀਆਂ ਹਨ। ਮ੍ਰਿਤਕ ਦਾ ਪਰਿਵਾਰ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ।

ਦੱਸ ਦੇਈਏ CIA ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਵਿੱਚੋਂ ਜਸਪਾਲ ਸਿੰਘ ਨੇ ਹਿਰਾਸਤ ਵਿੱਚ ਹੀ ਫਾਹਾ ਲਾ ਲਿਆ ਸੀ। ਇਸ ਤੋਂ ਬਾਅਦ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਹੁਣ ਸਾਹਮਣੇ ਆਇਆ ਹੈ ਕਿ ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਇੰਸਪੈਕਟਰ ਨਰਿੰਦਰ ਸਿੰਘ ਨੇ ਹੀ ਉਸ ਦੀ ਲਾਸ਼ ਖੁਰਦ-ਬੁਰਦ ਕੀਤੀ ਸੀ। ਫਰੀਦਕੋਟ ਦੇ ਐਸਐਸਪੀ ਰਾਜ ਬਚਨ ਸਿੰਘ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਇਸ ਜਾਣਕਾਰੀ ਦਾ ਖ਼ੁਲਾਸਾ ਕੀਤਾ ਹੈ।

ਹਾਲਾਂਕਿ ਉਨ੍ਹਾਂ ਇੰਸਪੈਕਟਰ ਨਰਿੰਦਰ ਸਿੰਘ ਦੀ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਖ਼ਾਸ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਜਾਂਚ ਜਾਰੀ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੂੰ 18 ਮਈ ਨੂੰ ਪਿੰਡ ਸੰਗਰਾਹੁਰ ਵਾਸੀ ਗੁਰਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ 16 ਮਈ ਨੂੰ ਪਿੰਡ ਪੰਜਾਵਾ ਮੁਕਤਸਰ ਵਿੱਚ ਭਾਂਜੇ ਲਾਡੀ ਨੂੰ ਮਿਲਣ ਗਿਆ ਸੀ। 18 ਮਈ ਨੂੰ ਉਹ ਪਿੰਡ ਰੱਤੀਰੋੜੀ ਚਲਾ ਗਿਆ ਤੇ ਉੱਥੋਂ ਲਾਪਤਾ ਹੋ ਗਿਆ। ਸਦਰ ਪੁਲਿਸ ਨੇ ਜੀਂਦ ਦੇ ਰਣਬੀਰ ਸਿੰਘ, ਪਿੰਡ ਲੰਗੇਆਣਾ (ਮੋਗਾ) ਦੇ ਬਿੱਟਾ, ਪਿੰਡ ਢੁੱਡੀ ਦੇ ਬਲਜੀਤ ਸਿੰਘ, ਪਿੰਡ ਰੱਤੋਰੋੜੀ ਦੇ ਬਾਜ ਸਿੰਘ ਤੇ ਕਪੂਰਥਲਾ ਦੀ ਮਹਿਲਾ ਪਰਮ 'ਤੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ।



SSP ਮੁਤਾਬਕ 18 ਮਈ ਦੀ ਰਾਤ ਸਾਢੇ 9 ਵਜੇ ਪਿੰਡ ਰੱਤੋਰੋੜੀ ਦੇ ਪਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਲਾਡੀ, ਰੇਸ਼ਮ ਤੇ ਹੋਰ ਸਾਥੀ ਨਾਜਾਇਜ਼ ਅਸਲੇ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਨ। ਇੰਸਪੈਕਟਰ ਗਿੱਲ ਨੇ ਲਾਡੀ ਸਮੇਤ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਨ੍ਹਾਂ ਨੂੰ ਉੱਥੇ ਛੱਡ ਖ਼ੁਦ ਚੋਣ ਡਿਊਟੀ ਵਿੱਚ ਚਲੇ ਗਏ। ਉੇਸੇ ਰਾਤ ਲਾਡੀ ਨੇ ਹਿਰਾਸਤ ਵਿੱਚ ਹੀ ਚਾਦਰ ਨਾਲ ਫਾਹਾ ਲੈ ਲਿਆ। ਮਾਮਲੇ ਨੂੰ ਲੁਕਾਉਣ ਤੇ ਸਬੂਤ ਮਿਟਾਉਣ ਲਈ ਇੰਸਪੈਕਟਰ ਨਰਿੰਦਰ ਸਵੇਰੇ ਕਰੀਬ 5:30 ਵਜੇ ਲਾਸ਼ ਬਾਹਰ ਲੈ ਗਏ ਸੀ ਤੇ ਬਾਅਦ ਵਿੱਚ ਉਨ੍ਹਾਂ ਵੀ ਖ਼ੁਦਕੁਸ਼ੀ ਕਰ ਲਈ ਸੀ, ਉਨ੍ਹਾਂ 'ਤੇ ਵੀ ਕੇਸ ਦਰਜ ਕੀਤਾ ਗਿਆ ਸੀ।