ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ 'ਚ ਐਤਵਾਰ ਨੂੰ ਇੱਕ ਨੌਜਵਾਨ ਕਿਸਾਨ ਜ਼ਹਿਰ ਨਿਘਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਸੀ ਤੇ ਦੋ ਦਿਨ ਪਹਿਲਾਂ ਹੀ ਦਿੱਲੀ ਮੋਰਚੇ ਤੋਂ ਵਾਪਸ ਪਰਤਿਆ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕਿਸਾਨੀ ਅੰਦੋਲਨ 'ਚ ਹੁਣ ਤੱਕ 31 ਤੋਂ ਵੱਧ ਕਿਸਾਨ ਜਾਨ ਗੁਆ ਚੁੱਕੇ ਹਨ ਪਰ ਤਮਾਮ ਮੁਸ਼ਕਲਾਂ ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ। ਮ੍ਰਿਤਕ ਦੀ ਪਛਾਣ 22 ਸਾਲਾ ਗੁਰਲਾਭ ਸਿੰਘ ਵਾਸੀ ਦਿਆਲਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਲਾਭ ਸਿੰਘ ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਦੇ ਬਹਾਦੁਰਗੜ੍ਹ ਨਾਲ ਲਗਦੇ ਟਿਕਰੀ ਬਾਰਡਰ ਤੇ ਧਰਨੇ 'ਚ ਸ਼ਾਮਲ ਸੀ। 18 ਦਸੰਬਰ ਨੂੰ ਹੀ ਉਹ ਘਰ ਵਾਪਸ ਆਇਆ ਸੀ। ਪੁਲਿਸ ਨੂੰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਗੁਰਲਾਭ ਇੱਕ ਛੋਟਾ ਕਿਸਾਨ ਸੀ ਤੇ ਉਸਦੇ ਸਿਰ ਤੇ ਛੇ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।