ਅਬੋਹਰ: ਦਿੱਲੀ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਜਾ ਰਹੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ।ਜਿਸ ਟਰੈਕਟਰ ਟਰਾਲੀ 'ਚ ਸਵਾਰ ਹੋ ਕਿ ਇਹ ਕਿਸਾਨ ਦਿੱਲੀ ਜਾ ਰਹੇ ਸੀ ਦੀ ਹਿਸਾਰ ਨੇੜੇ ਇੱਕ ਕੈਂਟਰ ਨਾਲ ਭਿਆਨਕ ਟੱਕਰ ਹੋ ਗਈ।

ਮ੍ਰਿਤਕ ਦੀ ਪਛਾਣ 22 ਸਾਲਾ ਕਰਨ ਬਿਸ਼ਨੋਈ ਵਾਸੀ ਪਿੰਡ ਬਿਸ਼ਨਪੁਰਾ, ਅਬੋਹਰ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ 20-25 ਸਾਲ ਦੀ ਉਮਰ ਦੇ ਨੌਜਵਾਨ ਕਿਸਾਨਾਂ ਦਾ ਇੱਕ ਸਮੂਹ, ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਵੀਰਵਾਰ ਦੀ ਰਾਤ ਨੂੰ ਸੀਤੋਗੁੰਨੋ ਤੋਂ ਇੱਕ ਟਰੈਕਟਰ-ਟਰਾਲੀ ਵਿੱਚ ਦਿੱਲੀ ਲਈ ਰਵਾਨਾ ਹੋਇਆ। ਸਵੇਰੇ ਲਗਭਗ 5.30 ਵਜੇ, ਹਿਸਾਰ ਦੇ ਬੀਐਸਐਫ ਕੈਂਪਸ ਨੇੜੇ ਉਨ੍ਹਾਂ ਦੀ ਇੱਕ ਕੈਂਟਰ ਨਾਲ ਟੱਕਰ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ-ਟਰਾਲੀ ਪਲਟ ਗਏ। ਕਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕੇਸ਼ਵ, ਗੌਰਵ, ਦਰਸ਼ਨ, ਦੀਪਕ, ਸਿਕੰਦਰ ਅਤੇ ਸੁਸ਼ੀਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਿਸਾਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ।ਬਿਸ਼ਨਪੁਰਾ ਪਿੰਡ 'ਚ ਸੋਗ ਦਾ ਮਾਹੌਲ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਸਾਨ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।