Farmers Protest: ਖਨੌਰੀ ਸਰਹੱਦ 'ਤੇ ਕਿਸਾਨ ਲੀਡਰ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 28 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਹੋ ਗਈ ਹੈ ਪਰ ਉਨ੍ਹਾਂ ਦਾ ਮਨੋਬਲ ਅਜੇ ਵੀ ਕਾਫੀ ਉੱਚਾ ਹੈ। ਡੱਲੇਵਾਲ ਦੀ ਇਮਿਊਨਿਟੀ ਵੀ ਕਾਫੀ ਕਮਜ਼ੋਰ ਹੋ ਗਈ ਹੈ। ਉਨ੍ਹਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਕਾਰ ਹੀ ਉਹ ਐਤਵਾਰ ਨੂੰ ਪੂਰਾ ਦਿਨ ਧਰਨੇ ਵਾਲੀ ਸਟੇਜ 'ਤੇ ਵੀ ਨਹੀਂ ਆਏ।
ਡਾਕਟਰ ਸਵੈਮਾਣ ਸਿੰਘ ਦੀ ਮੈਡੀਕਲ ਸੰਸਥਾ ਫਾਈਵ ਰੀਵਰ ਹਾਰਟ ਐਸੋਸੀਏਸ਼ਨ ਦੇ ਪੰਜਾਬ ਮੁਖੀ ਡਾਕਟਰ ਅਵਤਾਰ ਸਿੰਘ ਢਿਲੋਂ ਨੇ ਏਬੀਪੀ ਸਾਂਝਾ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਕਿਸੇ ਵੇਲੇ ਵੀ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਨੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ।
ਡਾਕਟਰ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੰਦੋਲਨਕਾਰੀ ਕਿਸਾਨਾਂ ਦੇ ਟੈਟਾਂ ਦੀ ਖ਼ਸਤਾ ਹਾਲਤ ਹੋਣ ਕਰਕੇ ਉਨ੍ਹਾਂ ਵਿੱਚੋਂ ਪਾਣੀ ਅੰਦਰ ਆ ਰਿਹਾ ਹੈ। ਇਸ ਦੇ ਚੱਲਦਿਆਂ ਉਹ ਸਾਰੀ ਰਾਤ ਸੌਂ ਨਹੀਂ ਸਕੇ ਤੇ ਉਨ੍ਹਾਂ ਨੂੰ ਰਾਤ ਜਾਗ ਕੇ ਕੱਟਣੀ ਪਈ ਹੈ। ਡਾਕਟਰ ਅਵਤਾਰ ਸਿੰਘ ਨੇ ਦੱਸਿਆ ਸਰਦੀ ਦੇ ਨਾਲ ਬਰਸਾਤ ਹੋਣ ਕਰਕੇ ਕਈ ਬਿਮਾਰੀਆਂ ਦਾ ਅੰਦੋਲਨਕਾਰੀ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰ ਢਿੱਲੋਂ ਨੇ ਇਹ ਵੀ ਦੱਸਿਆ ਕਿ ਕੁਝ ਕਿਸਾਨਾਂ ਨੂੰ ਡਾਕਟਰ ਸਵੈਮਾਣ ਸਿੰਘ ਦੀ ਟੀਮ ਵੱਲੋਂ ਮੀਂਹ ਤੋਂ ਬਚਣ ਲਈ ਰਾਤ ਵੇਲੇ ਰਿਹਾਇਸ਼ ਦਾ ਪ੍ਰਬੰਧ ਕਰਕੇ ਦਿੱਤਾ ਗਿਆ।
ਉਧਰ, ਡੱਲੇਵਾਲ ਦੇ ਡਾਕਟਰ ਸਵੈਮਨ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਜੇਕਰ ਕਿਸੇ ਵਿਅਕਤੀ ਨੇ 28 ਦਿਨਾਂ ਤੋਂ ਕੁਝ ਨਹੀਂ ਖਾਧਾ ਤਾਂ ਉਸ ਦੀ ਹਾਲਤ ਆਮ ਨਹੀਂ ਹੋ ਸਕਦੀ। ਇਸ ਸਭ ਦੇ ਬਾਵਜੂਦ ਸੁਪਰੀਮ ਕੋਰਟ ਨੂੰ ਦਿੱਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੱਲੇਵਾਲ ਦੀ ਸਿਹਤ ਨਾਰਮਲ ਹੈ। ਡੱਲੇਵਾਲ ਦੀ ਜ਼ਿੰਦਗੀ ਨਾਲ ਸਿਆਸਤ ਖੇਡੀ ਜਾ ਰਹੀ ਹੈ। ਡਾਕਟਰ ਸਵੈਮਨ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਦੇ ਫੋਨ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਸਾਧਾਰਨ ਸੀ। ਡੱਲੇਵਾਲ ਦੀ ਸਿਹਤ ਸਬੰਧੀ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਗਲਤ ਹੈ ਤੇ ਤੁਰੰਤ ਕਾਰਵਾਈ ਦੀ ਲੋੜ ਹੈ।
ਦੱਸ ਦਈਏ ਕਿ ਡੱਲੇਵਾਲ ਦੇ ਮਰਨ ਵਰਤ ਮਗਰੋਂ ਹਰਿਆਣਾ-ਪੰਜਾਬ ਦੀ ਖਨੌਰੀ ਬਾਰਡਰ ਕਿਸਾਨ ਅੰਦੋਲਨ ਦਾ ਨਵਾਂ ਕੇਂਦਰ ਬਣ ਗਿਆ ਹੈ। ਕਿਸਾਨਾਂ ਨੇ ਇੱਥੇ ਪੱਕੇ ਸ਼ੈੱਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਠੰਢ ਤੋਂ ਬਚਾਅ ਲਈ ਲੱਕੜਾਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੰਬਲ ਤੇ ਹੋਰ ਗਰਮ ਕੱਪੜੇ ਵੀ ਕਿਸਾਨਾਂ ਕੋਲ ਪਹੁੰਚ ਗਏ ਹਨ। ਇੱਥੇ ਵਾਈਫਾਈ ਕਨੈਕਸ਼ਨ ਵੀ ਲਾਏ ਜਾ ਰਹੇ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ 'ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
ਉਧਰ, ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ 24 ਦਸੰਬਰ ਨੂੰ ਸ਼ਾਮ 5:30 ਵਜੇ ਮੋਮਬੱਤੀ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਮਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਅੰਦੋਲਨ ਦੇ ਸਮਰਥਨ 'ਚ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਦੂਜੇ ਪਾਸੇ ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਅੰਦੋਲਨ ਵਿੱਚ ਸਿੱਧੇ ਤੌਰ ’ਤੇ ਸ਼ਮੂਲੀਅਤ ਨਹੀਂ ਕੀਤੀ। ਹਾਲਾਂਕਿ ਉਹ ਹਮਾਇਤ ਕਰਨ ਲਈ ਤਿਆਰ ਹੈ। ਇਸ ਸਬੰਧੀ ਮੀਟਿੰਗ 21 ਦਸੰਬਰ ਨੂੰ ਪਟਿਆਲਾ ਵਿਖੇ ਹੋਈ ਸੀ। ਇਸ ਮੀਟਿੰਗ ਵਿੱਚ ਅੰਦੋਲਨ ਵਿੱਚ ਸ਼ਾਮਲ ਆਗੂ ਸਰਵਣ ਪੰਧੇਰ ਤੋਂ ਇਲਾਵਾ ਐਸਕੇਐਮ ਤੋਂ ਡਾ. ਦਰਸ਼ਨ ਪਾਲ ਨੇ ਵੀ ਸ਼ਮੂਲੀਅਤ ਕੀਤੀ ਸੀ। ਹੁਣ ਦੂਜੀ ਮੀਟਿੰਗ 24 ਦਸੰਬਰ ਨੂੰ ਹੋਵੇਗੀ।