ਸ਼ੰਭੂ ਬਾਰਡਰ 15 ਜੁਲਾਈ (ਗੁਰਪ੍ਰੀਤ ਧੀਮਾਨ)


Farmrer Protest: ਪੰਜਾਬ ਤੇ ਹਰਿਆਣਾ ਦੀ ਸ਼ੰਭੂ ਸਰਹੱਦ ਉੱਤੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਦਿਆਂ ਨੂੰ 5 ਮਹੀਨਿਆਂ ਤੋਂ ਵੱਧ ਸਮਾ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਵੱਲੋਂ ਹਰਿਆਣਾ ਸਰਕਾਰ (Haryana Government) ਨੂੰ 7 ਦਿਨਾਂ ਵਿੱਚ ਸ਼ੰਭੂ ਬਾਰਡਰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।


ਜ਼ਿਕਰ ਕਰ ਦਈਏ ਕਿ ਬੀਤੇ ਦਿਨੀ ਖਨੌਰੀ ਬਾਰਡਰ ਉੱਪਰ ਦੋਨਾਂ ਮੋਰਚਿਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ (sarvan singh pandher) ਦੇ ਵੱਲੋਂ ਸਟੇਜ ਨੂੰ ਸੰਬੋਧਨ ਕਰਦਿਆਂ ਹੋਇਆ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਗਿਆ।


 ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਨੇ ਕਿਹਾ ਕਿ 17 ਤੇ 18 ਜੁਲਾਈ ਨੂੰ ਅੰਬਾਲਾ ਦੇ ਡੀਸੀ ਤੇ ਐਸਪੀ ਦਫ਼ਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਇਸ ਵਿੱਚ ਕੋਈ ਵੀ ਬਦਲਾਅ ਨਹੀਂ  ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਨਵਦੀਪ ਸਿੰਘ ਦੀ ਰਿਹਾਈ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਦੋਂ ਤੱਕ ਰਿਹਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਹਰਿਆਣਾ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ।


ਇਸ ਦੇ ਨਾਲ ਹੀ ਕਿਹਾ ਗਿਆ ਕਿ 22 ਤਾਰੀਕ ਨੂੰ ਲੋਕਤੰਤਰ ਕਲੱਬ (Constitution Club)  ਨਵੀਂ ਦਿੱਲੀ ਵਿੱਚ ਕਨਵੈਂਨਸ਼ਨ ਕਰਵਾਈ ਜਾਵੇਗੀ ਜਿਸ ਵਿੱਚ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਮਿਲ ਕੇ ਐਮਐਸਪੀ ਲਈ ਪ੍ਰਾਈਵੇਟ ਕਾਨੂੰਨ ਲਿਆਉਣ ਦੀ ਮੰਗ ਕੀਤੀ ਜਾਵੇਗੀ। 


ਇਸ ਦੇ ਨਾਲ ਹੀ ਕਿਸਾਨ ਆਗੂ ਤੀਜਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਕੱਲ੍ਹ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਉਪਰੰਤ ਸ਼ੰਭੂ ਸਰਹੱਦ ਖੋਲ੍ਹਣ ਪ੍ਰਤੀ ਕਿਸਾਨਾਂ ਦਾ ਨਜ਼ਰੀਆ ਦੱਸਿਆ ਜਾਵੇਗਾ ਤੇ ਇਸ ਤੋਂ ਇਲਾਵਾ ਜੋ ਸ਼ਾਟਗੱਨ ਨੂੰ ਲੈ ਕੇ ਰੌਲਾ ਪੈ ਰਿਹਾ ਹੈ ਉਸ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ ਜਾਵੇਗੀ।


ਹਾਲਾਂਕਿ ਇਸ ਦੇ ਨਾਲ ਹੀ ਪੰਧੇਰ ਨੇ ਕਹਿ ਦਿੱਤਾ ਕਿ ਇਹ ਮੋਰਚਾ ਆਪਣੀਆਂ ਮੰਗਾਂ ਮਨਵਾਏ ਜਾਣ ਤੱਕ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਵੱਧ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।