ਬਰਨਾਲਾ: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਬਾਰੇ ਕੇਂਦਰ ਸਰਕਾਰ ਦੀ ਰਵੱਈਏ ਤੋਂ ਕਿਸਾਨ ਬੇਹੱਦ ਖਫਾ ਹਨ। ਇਸ ਦਾ ਖਮਿਆਜ਼ਾ ਬੀਜੇਪੀ ਲੀਡਰਾਂ ਨੂੰ ਭਗਤਣਾ ਪੈ ਰਿਹਾ ਹੈ। ਅੱਜ ਬਰਨਾਲਾ ਵਿੱਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਦੌਰਾਨ ਬੁਲਾਰਿਆਂ ਦੇ ਨਿਸ਼ਾਨੇ ਉੱਪਰ ਬੀਜੇਪੀ ਹੀ ਰਹੀ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਬੀਜੇਪੀ ਲੀਡਰਾਂ ਤੇ ਵਰਕਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਮਹਾ ਰੈਲੀ ਵਿੱਚ ਸ਼ਾਮਲ ਕਿਸਾਨਾਂ ਦੇ ਹੱਥ ਖੜ੍ਹੇ ਕਰਵਾ ਕੇ ਇਸ 'ਤੇ ਉਨ੍ਹਾਂ ਦੀ ਸਹਿਮਤੀ ਲਈ। ਇਸ ਲਈ ਪੰਜਾਬ ਅੰਦਰ ਬੀਜੇਪੀ ਨੂੰ ਹੋਰ ਵੱਡਾ ਝਟਕਾ ਲੱਗ ਸਕਦਾ ਹੈ।
ਮਹਾ ਰੈਲੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਪਰਜੀਵੀ ਆਖਿਆ ਗਿਆ ਹੈ। ਇਸ ਲਈ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਅਨਾਜ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ।