ਨਵੀਂ ਦਿੱਲੀ: ਅੱਜ ਪੰਜਾਬ ਵਿੱਚੋਂ 20 ਹਜ਼ਾਰ ਕਿਸਾਨਾਂ ਦਾ ਜੱਥਾ ਦਿੱਲੀ ਪੁਹੁੰਚ ਰਿਹਾ ਹੈ। ਇਹ ਜੱਥਾ ਕੱਲ੍ਹ ਪੰਜਾਬ ਤੋਂ ਚੱਲਿਆ ਸੀ ਤੇ ਰਾਤ ਜੀਂਦ ਪਹੁੰਚਿਆ ਸੀ। ਅੱਜ ਜੱਥਾ ਜੀਂਦ ਤੋਂ ਦਿੱਲੀ ਵੱਲ ਕੂਚ ਕੀਤਾ ਹੈ। ਇਹ ਜੱਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੰਜਾਬ ਦੇ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਲੁਧਿਆਣਾ ਤੇ ਮਾਨਸਾ ਤੋਂ ਰਵਾਨਾ ਹੋਇਆ ਹੈ।

ਜਥੇਬੰਦੀ ਦਾ ਦਾਅਵਾ ਹੈ ਕਿ 20 ਹਜ਼ਾਰ ਕਿਸਾਨਾਂ ਦਾ ਕਾਫ਼ਲਾ ਸੈਂਕੜੇ ਵਾਹਨਾਂ ਰਾਹੀਂ ਅੱਜ ਦਿੱਲੀ ਪਹੁੰਚੇਗਾ। ਜੱਥੇ ਵਿੱਚ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸ਼ਾਮਲ ਹਨ। ਜੱਥਾ ਦੀ ਗਿਣਤੀ ਦਾ ਅੰਦਾਜਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਟਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਜੀਪਾਂ, ਟੈਂਪੂਆਂ ਤੇ ਹੋਰ ਵਾਹਨਾਂ ਦੀ ਕਈ ਕਿਲੋਮੀਟਰ ਲੰਬੀ ਕਤਾਰ ਹੈ।

ਜਥੇਬੰਦੀ ਦੇ ਲੀਡਰ ਜਗਤਾਰ ਸਿੰਘ ਕਾਲਾਝਾੜ ਤੇ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਸੈਂਕੜੇ ਵਾਹਨਾਂ ਰਾਹੀਂ ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਦੇ ਕਰੀਬ 20 ਹਜ਼ਾਰ ਕਿਸਾਨ ਦਿੱਲੀ ਪਹੁੰਚ ਰਹੇ ਹਨ ਜੋ ਟਿਕਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ੀ ਮੋਰਚੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ 27 ਦਸੰਬਰ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਰੀਬ 15 ਹਜ਼ਾਰ ਹੋਰ ਕਿਸਾਨ ਡੱਬਵਾਲੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ।