ਬਰਨਾਲਾ: ਪਿੰਡ ਚੀਮਾ ਦੇ ਨੇੜੇ ਬਣੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਚੱਲ ਰਿਹਾ ਮੋਰਚਾ 17ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਮੌਕੇ ਕਿਸਾਨਾਂ ਵੱਲੋਂ ਲਗਾਤਾਰ ਟੋਲ ਪਲਾਜ਼ੇ ਦੀ ਜਗ੍ਹਾ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ।


ਜ਼ਿਕਰ ਕਰ ਦਈਏ ਕਿ ਪਿਛਲੇ 17 ਦਿਨਾਂ ਤੋਂ ਕਿਸਾਨਾਂ ਵੱਲੋਂ ਇੱਥੇ ਹੀ ਪੱਕਾ ਮੋਰਚਾ ਲਾਇਆ ਹੋਇਆ ਹੈ ਤੇ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਬਿਨਾਂ ਪਰਚੇ ਕੱਟੇ ਲੰਘਾਏ ਜਾ ਰਿਹਾ ਹੈ। 


ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਟੋਲ ਨੇਮਾਂ ਦੇ ਖ਼ਿਲਾਫ਼ ਗ਼ਲਤ ਜਗ੍ਹਾ 'ਤੇ ਬਣਿਆ ਹੈ ਇਸ ਲਈ ਬਦਲ ਕੇ ਟੋਲ ਪਲਾਜ਼ੇ ਨੂੰ ਮੋਗਾ ਰੋਡ ਤੇ ਕੀਤਾ ਜਾਵੇ। ਕਿਸਾਨਾਂ ਵੱਲੋਂ ਦਿੱਲੀ ਮੋਰਚੇ ਦੀ ਤਰਜ ਤੇ ਇੱਥੇ ਵੀ ਪੱਖੇ, ਕੂਲਰ ਤੇ ਲਿਆਂਦੇ ਗਏ ਹਨ ਹੋਰ ਤਾਂ ਹੋਰ ਕਿਸਾਨਾਂ ਵੱਲੋਂ ਘਰ ਬਣਾਉਣ ਦਾ ਵੀ ਕੰਮ ਵੀ ਸ਼ੁਰੂ  ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟੋਲ ਪਲਾਜ਼ੇ ਦੀ ਥਾਂ ਨੂੰ ਬਦਲਿਆ ਨਹੀਂ ਜਾਂਦਾ ਉਨ੍ਹਾਂ ਸਮਾਂ ਧਰਨਾ ਜਾਰੀ ਰਹੇਗਾ।


ਗੌ਼ਰ ਕਰਨ ਵਾਲੀ ਗੱਲ ਹੈ ਕਿ ਜਦੋਂ ਟੋਲ ਪਲਾਜ਼ਾ ਬਣ ਰਿਹਾ ਸੀ ਉਸ ਵੇਲੇ ਤਤਕਾਲੀ ਕਾਂਗਰਸ ਸਰਕਾਰ ਦੇ ਖਿਲਾਫ਼ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਦੇ ਖ਼ਿਲਾਫ਼ ਧਰਨਾ ਲਾਇਆ ਸੀ ਜਿਸ ਦੀ ਵੀਡਿਓ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਕਿਸਾਨਾਂ ਨੇ ਇਸ ਬਾਬਤ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਇਸ ਟੋਲ ਪਲਾਜ਼ੇ ਨੂੰ ਕਿਓਂ ਬੰਦ ਨਹੀਂ ਕਰਵਾ ਰਹੀ ਹੈ।


ਇਹ ਵੀ ਪੜ੍ਹੋ:ਖੇਡਾਂ ਵਤਨ ਪੰਜਾਬ ਦੀਆਂ-2022: ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਚਾਰ ਖਿਡਾਰੀ ਖੇਡਾਂ ਵਿੱਚ ਦਿਖਾਉਣਗੇ ਜੌਹਰ



ਕਿਸਾਨਾਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਬਿਲਕੁਲ ਹੀ ਗ਼ਲਤ ਜਗ੍ਹਾ ਤੇ ਲਾਇਆ ਗਿਆ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਧਰਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਜਾਖਾਨਾ ਸੜਕ ਦੀ ਹਾਲਤ ਖ਼ਰਾਬ ਹੈ ਪਰ ਇਸ ਦੇ


ਬਾਵਜੂਦ ਵੀ ਲੋਕਾਂ ਤੋਂ ਟੋਲ ਵਸੂਲਿਆ ਜਾ ਰਿਹਾ ਹੈ ਜੋ ਕਿ ਸਰਾਸਰ ਜ਼ੁਲਮ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਬਾਤ ਕੀਤੀ ਗਈ ਹੈ ਪਰ ਹਾਲੇ ਤੱਕ ਇਸ ਦਾ ਕੋਈ ਵੀ ਠੋਸ ਹੱਲ ਨਹੀਂ ਨਿਕਲਿਆ ਹੈ। ਕਿਸਾਨਾਂ ਨੇ ਮੁੜ ਆਪਣੀ ਗੱਲ ਦਹੁਰਾਉਂਦਿਆ ਕਿਹਾ ਕਿ ਜਦੋਂ ਤੱਕ ਟੋਲ ਪਲਾਜ਼ੇ ਦੀ ਜਗ੍ਹਾ ਨਹੀਂ ਬਦਲੀ ਜਾਂਦੀ ਉਨ੍ਹਾਂ ਸਮਾਂ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।