ਕਿਸਾਨਾਂ ਨੇ ਕੀਤਾ ਵੱਡਾ ਧਮਾਕਾ, ਪੂਰੇ ਦੇਸ਼ 'ਚ ਫੈਲਿਆ ਅੰਦੋਲਨ, ਪੁੱਠੀ ਪਈ ਸਰਕਾਰ ਦੀ ਰਣਨੀਤੀ
ਏਬੀਪੀ ਸਾਂਝਾ | 27 Dec 2020 11:03 AM (IST)
ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ। ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਖਿੰਡਾਉਣ ਲਈ ਲਟਕਾਉਣ ਲਈ ਰਣਨੀਤੀ ਅਪਣਾਈ ਸੀ ਪਰ ਕਿਸਾਨ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰਾਖੰਡ ਦੇ ਕਿਸਾਨਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਪੁੱਜ ਗਏ ਹਨ।
ਨਵੀਂ ਦਿੱਲੀ: ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ। ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਖਿੰਡਾਉਣ ਲਈ ਲਟਕਾਉਣ ਲਈ ਰਣਨੀਤੀ ਅਪਣਾਈ ਸੀ ਪਰ ਕਿਸਾਨ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰਾਖੰਡ ਦੇ ਕਿਸਾਨਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਪੁੱਜ ਗਏ ਹਨ। ਦਰਅਸਲ ਸਰਕਾਰ ਵੱਲੋਂ ਹੁਣ ਤੱਕ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਿਰਫ਼ ਦੋ ਰਾਜਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਹੀ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਦੇਸ਼ ਦੇ ਸਾਰੇ ਸੂਬਿਆਂ ਵਿੱਚ ਇਹ ਅੰਦੋਲਨ ਫੈਲ ਰਿਹਾ ਹੈ। ਉਧਰ, ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਵੀ ਸਰਕਾਰ ਦੀ ਫਿਕਰ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਅੰਦੋਲਨ ਇੱਕ ਮਹੀਨਾ ਹੋਰ ਚੱਲਿਆ ਤਾਂ ਪੂਰੇ ਦੇਸ਼ ਦੇ ਕਿਸਾਨ ਸੜਕਾਂ ਉੱਪਰ ਆ ਸਕਦੇ ਹਨ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਕਿਸਾਨ ਟਿਕਰੀ ਵਿਖੇ ਪਹਿਲੇ ਜਥੇ ਦੇ ਰੂਪ ਵਿੱਚ ਪਹੁੰਚੇ ਹਨ। ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਕੌਮੀ ਅੰਦੋਲਨ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਇਹ ਕਿਸਾਨ ਸੋਮਵਾਰ ਨਾਸਿਕ ਤੋਂ ਚੱਲੇ ਸਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਵੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਟਿਕਰੀ ਦਾ ਧਰਨਾ ਹੁਣ ਸਭ ਤੋਂ ਜ਼ਿਆਦਾ ਇਕੱਠ ਵਾਲੀ ਥਾਂ ਬਣ ਗਿਆ ਹੈ। ਗਾਜ਼ੀਪੁਰ ਬਾਰਡਰ ਤੋਂ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉੱਤਰਾਖੰਡ, ਉੱਤਰ ਪ੍ਰਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨਾਂ ਦਾ ਧਰਨੇ ਵਿੱਚ ਟਰੈਕਟਰ-ਟਰਾਲੀਆਂ ਸਮੇਤ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਸਿੰਘੂ ਧਰਨੇ ਵਿੱਚ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਸ਼ਾਮਲ ਹੋਣ ਲੱਗੇ ਹਨ। ਵੇਰਵਿਆਂ ਮੁਤਾਬਕ ਰਾਜਸਥਾਨ ਤੋਂ ਦਿੱਲੀ ਲਈ ਤੁਰੇ ਕਰੀਬ ਦੋ ਹਜ਼ਾਰ ਕਿਸਾਨ ਹਰਿਆਣਾ-ਰਾਜਸਥਾਨ ਬਾਰਡਰ ਉਤੇ ਪਹੁੰਚ ਗਏ ਹਨ। ਕਿਸਾਨਾਂ ਨੂੰ ਹਰਿਆਣਾ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ। ਹੱਦ ਉਤੇ ਕਿਸਾਨ ਹੋਰਨਾਂ ਕਿਸਾਨ ਸੰਗਠਨਾਂ ਦੀ ਉਡੀਕ ਕਰ ਰਹੇ ਹਨ ਤਾਂ ਕਿ ਦਿੱਲੀ ਵੱਲ ਵਧਿਆ ਜਾ ਸਕੇ। ਪੁਲਿਸ ਸੂਤਰਾਂ ਮੁਤਾਬਕ ਕਿਸਾਨ ਅੱਜ ਦੱਖਣੀ ਹਰਿਆਣਾ ਤੇ ਰਾਜਸਥਾਨ ਤੋਂ ਦਿੱਲੀ ਵੱਲ ਕੂਚ ਕਰ ਸਕਦੇ ਹਨ।