ਸੁਨਾਮ : ਕਰਜ਼ੇ ਨੇ ਇੱਕ ਹੋਰ ਕਿਸਾਨ ਦੀ ਜਾਨ ਲੈ ਲਈ ਹੈ। ਪਿੰਡ ਛਾਜਲਾ ਦੇ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ 35 ਸਾਲ ਦੇ ਰਾਜਵਿੰਦਰ ਸਿੰਘ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਪ੍ਰੇਸ਼ਾਨ ਸੀ। ਢਾਈ ਤਿੰਨ ਏਕੜ ਵਿੱਚ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਇਸ ਵਾਰ ਵੀ ਫ਼ਸਲ ਬਹੁਤੀ ਵਧੀਆ ਨਹੀਂ ਹੋਈ ਸੀ।
ਜਿਸ ਕਾਰਨ ਉਹ ਜ਼ਿਆਦਾ ਪ੍ਰੇਸ਼ਾਨ ਸੀ। ਇਸ ਗੱਲ ਤੋਂ ਦੁਖੀ ਹੋ ਕੇ ਰਾਜਵਿੰਦਰ ਸਿੰਘ ਨੇ ਬੀਤੀ ਰਾਤ ਜ਼ਹਿਰੀਲੀ ਚੀਜ਼ ਨਿਗਲ ਲਈ। ਗੰਭੀਰ ਹਾਲਤ ਵਿੱਚ ਇਸ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਪਿੰਡ ਵਾਸੀਆਂ ਅਨੁਸਾਰ ਰਾਜਵਿੰਦਰ ਸਿੰਘ ਦੇ ਭਰਾ ਨੇ ਵੀ ਢਾਈ ਸਾਲ ਪਹਿਲਾਂ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ ਸੀ। ਉਸ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਸਦਮਾ ਨਾ ਸਹਾਰਦੀ ਉਸ ਦੀ ਮਾਂ ਵੀ ਦੁਨੀਆ ਨੂੰ ਅਲਵਿਦਾ ਆਖ ਗਈ ਸੀ।