ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 403 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਬੀਜੇਪੀ ਨੇਤਾ ਅਰਵਿੰਦ ਸ਼ਰਮਾ ਦੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਜਿਸ ਵਿੱਚ ਬੀਜੇਪੀ ਨੇਤਾਵਾਂ ਦਾ ਘਿਰਾਉ ਕਰਨ ਵਾਲਿਆਂ ਦੀਆਂ ਅੱਖਾਂ ਕੱਢ ਦੇਣ ਤੇ ਹੱਥ ਵੱਢ ਦੇਣ ਦੀ ਧਮਕੀ ਦਿੱਤੀ ਸੀ।



ਇਹ ਬਿਆਨ ਇੱਕ ਦਿਨ ਪਹਿਲਾਂ ਕਿਸਾਨਾਂ ਵੱਲੋਂ ਬੀਜੇਪੀ ਨੇਤਾਵਾਂ ਨੂੰ  ਇੱਕ ਮੰਦਰ ਵਿੱਚ ਬੰਦੀ ਬਣਾਏ ਜਾਣ ਦੇ ਸੰਦਰਭ ਵਿੱਚ ਦਿੱਤਾ ਗਿਆ। ਕਿਸਾਨ ਆਗੂਆਂ ਨੇ ਇਸ ਭੜਕਾਊ ਬਿਆਨ ਦਾ ਬਹੁਤ ਗੰਭੀਰ ਨੋਟਿਸ ਲਿਆ ਤੇ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਗਿੱਦੜ-ਭੱਬਕੀਆਂ ਤੋਂ ਡਰਨ ਵਾਲੇ ਨਹੀਂ ਤੇ ਭਵਿੱਖ ਵਿੱਚ ਵੀ ਬੀਜੇਪੀ ਨੇਤਾਵਾਂ ਦਾ ਵਿਰੋਧ ਇਸੇ ਪ੍ਰਕਾਰ ਕਰਦੇ ਰਹਿਣਗੇ। ਆਗੂਆਂ ਨੇ ਹਰਿਆਣਾ ਪੁਲਿਸ ਵੱਲੋਂ ਨਾਰਨੌਂਦ ਵਿੱਚ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਸਾਡਾ ਸਬਰ ਨਾ ਪਰਖੇ।

ਅੱਜ ਦਿਆਲੂ ਵਾਲਾ ਖੀਵਾ ਪਿੰਡ ਦੀਆਂ ਤਿੰਨ ਬੀਬੀਆਂ ਸੁਖਵਿੰਦਰ ਕੌਰ, ਅਮਰਜੀਤ ਕੌਰ ਤੇ ਗੁਰਮੇਲ ਕੌਰ ਦਾ ਭੋਗ ਸਮਾਗਮ ਦਿਵਸ ਸੀ। ਇਨ੍ਹਾਂ ਨੂੰ ਟਿਕਰੀ ਬਾਰਡਰ ਦਿੱਲੀ ਵਿਖੇ ਟਰੱਕ ਹੇਠ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਧਰਨੇ 'ਚ ਇਨ੍ਹਾਂ ਦੀ ਸ਼ਹੀਦੀ ਬਾਰੇ ਚਰਚਾ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਦੀ ਐਕਸਾਈਜ਼ ਡਿਊਟੀ ਵਿੱਚ 5 ਰੁਪਏ ਤੇ ਡੀਜ਼ਲ  ਲਈ 10 ਰੁਪਏ ਪ੍ਰਤੀ ਲਿਟਰ ਦੀ ਕਮੀ ਨੂੰ ਬਹੁਤ ਨਿਗੂਣੀ ਦੱਸਿਆ। ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਕਰਮਵਾਰ 13 ਤੇ 16 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਵਧਾਈ ਸੀ। ਤਾਜ਼ਾ ਕਮੀ ਨਾਲ ਉਹ ਵਾਧਾ ਵੀ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਗਿਆ। ਫਿਰ ਹੁਣ ਹਰ ਰੋਜ਼  ਰੇਟਾਂ ਵਿਚ ਹੋ ਰਹੇ ਵਾਧੇ ਨਾਲ ਇਹ ਨਿਗੂਣੀ ਕਮੀ ਵੀ ਥੋੜ੍ਹੇ ਦਿਨਾਂ 'ਚ ਖੂਹ-ਖਾਤੇ ਵਿੱਚ ਪੈ ਜਾਵੇਗੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਡੀਜ਼ਲ 'ਤੇ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ ਤੇ ਕੇਂਦਰ ਸਰਕਾਰ ਐਕਸਾਈਜ਼ ਡਿਊਟੀ 'ਚ ਅਤੇ ਸੂਬਾ ਸਰਕਾਰਾਂ ਵੈਟ 'ਚ ਵੱਡੀ ਕਟੌਤੀ ਕਰਕੇ ਲੋਕਾਂ ਨੂੰ ਹਕੀਕੀ ਰਾਹਤ ਦੇਣ।