Robert Abraham
ਚੰਡੀਗੜ੍ਹ: ਪਾਕਿਸਤਾਨ ਸਥਿਤ ਗੁਰੂ ਘਰ ਨਤਮਸਤਕ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਨਾਲ ਪਾਕਿ ਸਰਕਾਰ ਵਿਤਕਰਾ ਕਰ ਰਹੀ ਹੈ। ਸਿੱਖਾਂ ਦੇ ਧਾਰਮਿਕ ਤਿਉਹਾਰਾਂ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜੱਥੇ ਵਿੱਚ ਸ਼ਾਮਲ ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਨੂੰ ਹੁਣ ਵੀਜ਼ਾ ਨਹੀਂ ਦਿੱਤਾ ਜਾ ਰਿਹਾ।
ਜੇਕਰ ਪਾਕਿਸਤਾਨੀ ਦੂਤਾਵਾਸ ਕੁਝ ਕੁ ਨੂੰ ਵੀਜ਼ਾ ਦੇ ਦਿੰਦਾ ਹੈ ਤਾਂ ਵੀਜ਼ਾ ਸੂਚੀ ਵਿੱਚੋਂ ਕਈ ਹਿੰਦੂ ਸ਼ਰਧਾਲੂਆਂ ਦੇ ਨਾਂ ਹਟਾ ਦਿੱਤੇ ਜਾਂਦੇ ਹਨ। ਇਹ ਕਾਰਵਾਈ ਪਾਕਿਸਤਾਨੀ ਦੂਤਾਵਾਸ ਵੱਲੋਂ ਪਿਛਲੇ ਪੰਜ- ਛੇ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਨਾਂਹ ਦੇ ਬਰਾਬਰ ਹੋ ਗਈ ਹੈ।
ਇਸ ਵਾਰ 13 ਜਾਂ 14 ਨਵੰਬਰ ਤੱਕ ਪਾਕਿਸਤਾਨੀ ਦੂਤਾਵਾਸ ਸਪੱਸ਼ਟ ਕਰੇਗਾ ਕਿ ਕਿੰਨੇ ਲੋਕਾਂ ਨੂੰ ਵੀਜ਼ਾ ਦਿੱਤਾ ਗਿਆ ਹੈ। ਇਹ ਜੱਥਾ 17 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਦੇਸ਼ ਦੀ ਵੰਡ ਤੋਂ ਬਾਅਦ ਨਹਿਰੂ-ਅਲੀ ਸਮਝੌਤੇ ਤਹਿਤ ਹਰ ਸਾਲ ਵੱਖ-ਵੱਖ ਸਿੱਖ ਧਾਰਮਿਕ ਤਿਉਹਾਰਾਂ 'ਤੇ ਪਾਕਿਸਤਾਨ 'ਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ 3000 ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਸਮਝੌਤਾ ਹੋਇਆ ਸੀ। ਹੁਣ 2400 ਤੋਂ 2600 ਸ਼ਰਧਾਲੂ ਪਾਕਿਸਤਾਨ ਜਾ ਸਕਦੇ ਹਨ।
ਜਾਣਕਾਰੀ ਮੁਤਾਬਕ ਇਸ ਵਾਰ ਕਰੀਬ 16 ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਨੇ ਵੀਜ਼ਾ ਲਈ ਅਪਲਾਈ ਕੀਤਾ ਹੈ। ਸੰਭਾਵਨਾ ਹੈ ਕਿ ਕਈਆਂ ਨੂੰ ਵੀਜ਼ਾ ਮਿਲ ਜਾਵੇਗਾ ਪਰ ਕਈ ਹਿੰਦੂ ਸ਼ਰਧਾਲੂਆਂ ਦੇ ਨਾਂ ਕੱਟ ਦਿੱਤੇ ਜਾਣਗੇ।
ਦੂਜੇ ਪਾਸੇ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸ਼ੁਰੂ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਗੁਰੂਧਾਮਾਂ ਦੇ ਦਰਸ਼ਨਾਂ ਲਈ ਲੈ ਕੇ ਜਾਂਦੀ ਹੈ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਹਿੰਦੂ ਸ਼ਰਧਾਲੂ ਜਥੇ ਨਾਲ ਆਉਂਦੇ ਸਨ। ਹੁਣ ਪਾਕਿਸਤਾਨੀ ਦੂਤਘਰ ਨੇ ਹਿੰਦੂ ਸ਼ਰਧਾਲੂਆਂ ਦੇ ਨਾਂ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਵਾਰ ਵੀਜ਼ਾ ਲਈ ਉਨ੍ਹਾਂ ਵੱਲੋਂ 667 ਸ਼ਰਧਾਲੂਆਂ ਦੇ ਨਾਵਾਂ ਦੀ ਸੂਚੀ ਭੇਜੀ ਗਈ ਹੈ ਜਿਸ ਵਿੱਚ ਚਾਰ ਹਿੰਦੂ ਹਨ ਪਰ ਇਸ ਵਾਰ ਵੀ ਪਾਕਿਸਤਾਨੀ ਦੂਤਾਵਾਸ ਹਿੰਦੂ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦੇਵੇਗਾ।
ਦੂਤਘਰ ਦਾ ਇਸ 'ਤੇ ਕਹਿਣਾ ਹੈ ਕਿ ਹਿੰਦੂ ਭਾਈਚਾਰੇ ਦੇ ਵੱਖਰੇ ਜੱਥੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਸਿੱਖ ਜੱਥੇ ਨਾਲ ਨਹੀਂ ਭੇਜਿਆ ਜਾ ਰਿਹਾ। ਜੋ ਵੀ ਸ਼ਰਧਾਲੂ ਜਾਣਾ ਚਾਹੁੰਦਾ ਹੈ, ਚਾਹੇ ਹਿੰਦੂ ਹੋਵੇ ਜਾਂ ਸਿੱਖ, ਉਸ ਨੂੰ ਵੀਜ਼ਾ ਮਿਲਣਾ ਚਾਹੀਦਾ ਹੈ। ਇਸ ਸਬੰਧੀ ਪਾਕਿਸਤਾਨੀ ਦੂਤਘਰ ਨੂੰ ਅਪੀਲ ਕੀਤੀ ਗਈ ਹੈ।
ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ 1043 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਹੈ। ਜਿਨ੍ਹਾਂ ਵਿੱਚੋਂ ਇੱਕ ਦਰਜਨ ਤੋਂ ਵੱਧ ਸ਼ਰਧਾਲੂ ਹਿੰਦੂ ਹਨ। ਸ਼੍ਰੋਮਣੀ ਕਮੇਟੀ ਦੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਨ੍ਹਾਂ ਵੀ ਸ਼ਰਧਾਲੂਆਂ ਦੇ ਨਾਮ ਵੀਜ਼ੇ ਲਈ ਭੇਜੇ ਜਾਂਦੇ ਹਨ, ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇ। ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ।