ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਵੀਕੈਂਡ ਲੌਕਡਾਊਨ ਦੌਰਾਨ ਵੀ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੌਕਡਾਊਨ ਦਾ ਵਿਰੋਧ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਲੌਕਡਾਊਨ ਦੌਰਾਨ ਕਾਰੋਬਾਰ ਜਾਰੀ ਰੱਖਣ ਲਈ ਵੀ ਕਿਹਾ।ਪਰ ਕਿਸਾਨਾਂ ਦੇ ਇਸ ਸੱਦੇ ਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਹੀ ਰੱਖੀਆਂ।
ਬਠਿੰਡਾ 'ਚ ਕਰਫਿਊ ਦੇ ਬਾਵਜੂਦ ਸੜਕਾਂ ਤੇ ਨਿੱਤਰੇ ਕਿਸਾਨ
ਜ਼ਿਲ੍ਹਾ ਬਠਿੰਡਾ ਵਿੱਚ ਕਿਸਾਨਾਂ ਨੇ ਸੜਕਾਂ ਤੇ ਉੱਤਰ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਲੌਕਡਾਊਨ ਦੇ ਵਿਰੋਧ ਵਿੱਚ ਮਾਰਚ ਕੱਢਿਆ।ਕਿਸਾਨਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਕਿਹਾ ਪਰ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਬੰਦ ਹੀ ਰੱਖਿਆ।
ਅੰਮ੍ਰਿਤਸਰ 'ਚ ਲੌਕਡਾਊਨ ਖਿਲਾਫ ਨਿੱਤਰੀਆਂ ਕਿਸਾਨ ਜਥੇਬੰਦੀਆਂ
ਅੰਮ੍ਰਿਤਸਰ 'ਚ ਵੱਖ -ਵੱਖ ਕਿਸਾਨ ਜਥੇਬੰਦੀਆਂ ਨੇ ਵੱਖੋ ਵੱਖਰੇ ਇਲਾਕਿਆਂ 'ਚ ਸੰਯੁਕਤ ਮੋਰਚੇ ਦੀ ਕਾਲ 'ਤੇ ਇਕੱਠੇ ਹੋ ਕੇ ਮਾਰਚ ਕੱਢੇ ਤੇ ਲੌਕਡਾਊਨ ਦਾ ਵਿਰੋਧ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਕਿਸਾਨ ਆਗੂਆਂ ਨੂੰ ਦਿੱਤੀ ਚਿਤਾਵਨੀ ਦਾ ਅਸਰ ਭਾਵੇਂ ਕਿਸਾਨਾਂ 'ਤੇ ਨਹੀਂ ਹੋਇਆ ਪਰ ਦੁਕਾਨਦਾਰਾਂ 'ਤੇ ਇਸ ਦਾ ਸਾਫ ਅਸਰ ਦੇਖਣ ਨੂੰ ਮਿਲਿਆ ਤੇ ਦੁਕਾਨਦਾਰਾਂ ਨੇ ਦੁਕਾਨਾਂ ਖੋਲਣ ਤੋਂ ਪ੍ਰਹੇਜ ਹੀ ਕੀਤਾ। ਦੂਜੇ ਪਾਸੇ ਪੁਲਿਸ ਵੱਲੋਂ ਵੀ ਅੱਜ ਸਖਤੀ ਨਜਰ ਆਈ ਤੇ ਪੁਲਿਸ ਪੈਟਰੋਲਿੰਗ ਵੀ ਜਾਰੀ ਰਹੀ ਹੈ।ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ "ਕੈਪਟਨ ਸਰਕਾਰ ਵੱਲੋਂ ਸ਼ਰੇਆਮ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਤੇ ਦੁਕਾਨਦਾਰਾਂ ਨੂੰ ਡਰਾਇਆ ਜਾ ਰਿਹਾ ਹੈ ਕਿਉਂਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਕਾਰਪੋਰੇਟ ਅਦਾਰਿਆਂ ਨੂੰ ਲਿਆਉਣਾ ਚਾਹੁੰਦੀ ਹੈ।ਇਸੇ ਕਰਕੇ ਕੋਰੋਨਾ ਦੀ ਆੜ 'ਚ ਛੋਟੇ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ।"
ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਉਨਾਂ ਵੱਲੋਂ ਵੀ ਬੀਤੀ ਸ਼ਾਮ ਸੁਲਤਾਨਵਿੰਡ ਰੋਡ, ਚਾਟੀਵਿੰਡ, ਗਿਲਵਾਲੀ ਰੋਡ, ਤਰਨਤਾਰਨ ਰੋਡ ਆਦਿ 'ਤੇ ਬਕਾਇਦਾ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਸਵੇਰੇ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਪੁਲਿਸ ਨੇ ਬੀਤੀ ਰਾਤ ਤੋਂ ਦੁਕਾਨਦਾਰਾਂ ਨੂੰ ਇਸ ਕਦਰ ਡਰਾਇਆ ਕਿ ਅੱਜ ਦੁਕਾਨਦਾਰ ਬਜਾਰਾਂ 'ਚ ਹੀ ਨਹੀਂ ਆਏ।ਕਿਸਾਨ ਆਗੂ ਪਰਮਜੀਤ ਸਿੰਘ ਤੇ ਅੰਗਰੇਜ ਸਿੰਘ ਚਾਟੀਵਿੰਡ ਨੇ ਕਿਹਾ ਕਿ ਉਨਾਂ ਵੱਲੋਂ ਸਿਰਫ ਹੱਥ ਜੋੜ ਕੇ ਸ਼ਾਂਤਮਈ ਤਰੀਕੇ ਨਾਲ ਮਾਰਚ ਕਰਨ ਦਾ ਪ੍ਰੋਗਰਾਮ ਹੈ ਤਾਂਕਿ ਲੋਕਾਂ ਨੂੰ ਸਰਕਾਰ ਦੀਆਂ ਕਾਰਪੋਰੇਟ ਅਦਾਰਿਆਂ ਪ੍ਰਤੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਸੰਗਰੂਰ 'ਚ ਕਿਸਾਨ ਜਥੇਬੰਦੀਆਂ ਵੱਲੋਂ ਲੌਕਡਾਊਨ ਦੇ ਵਿਰੋਧ ਦੀ ਕਾਲ, ਪਰ ਦੁਕਾਨਦਾਰਾਂ ਨਹੀਂ ਖੋਲੀਆਂ ਦੁਕਾਨਾਂ
32 ਕਿਸਾਨ ਜਥੇਬੰਦੀਆਂ ਵੱਲੋਂ ਲੌਕਾਡਊਨ ਦੇ ਵਿਰੋਧ ਦੀ ਕਾਲ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਦੁਕਾਨਾਂ ਖੁਲਵਾਉਣ ਲਈ ਕਿਹਾ ਜਾ ਰਿਹਾ ਹੈ।ਕਿਸਾਨ ਨੇ ਲੌਕਾਡਊਨ ਦੇ ਵਿਰੋਧ ਵਿੱਚ ਰੋਸ ਮਾਰਚ ਕੱਢੇ।ਪੁਲਿਸ ਦੁਕਾਨਦਾਰਾਂ ਨੂੰ ਲੌਕਡਾਊਨ ਦਾ ਪਾਲਣ ਕਰਵਾਉਣ ਵਿੱਚ ਸਫ਼ਲ ਰਹੀ।ਜਦਕਿ ਸਬਜੀ ਮੰਡੀ ਦੇ ਵਪਾਰੀ ਅਤੇ ਕਿਸਾਨ ਸਰਕਾਰ ਤੋਂ ਨਾਰਾਜ਼ ਹਨ।ਇਸ ਦੌਰਾਨ ਖਰਾਬ ਹੋ ਰਹੇ ਫਲ ਸਬਜੀਆਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੂਜੇ ਪਾਸੇ ਸਬਜ਼ੀ ਮੰਡੀ ਵਿੱਚ ਹਲਾਤ ਬੇਹੱਦ ਨਾਜ਼ੁਕ ਹਨ।ਸਬਜ਼ੀ ਮੰਡੀ ਦੇ ਵਪਾਰੀ ਅਤੇ ਕਿਸਾਨ ਸਰਕਾਰ ਤੋਂ ਨਰਾਜ਼ ਸਬਜੀਆਂ ਦੀਆਂ ਡਿੱਗਦੀਆਂ ਕੀਮਤਾਂ ਅਤੇ ਖਰਾਬ ਹੋ ਰਹੇ ਫਲ ਸਬਜੀਆਂ ਚਿੰਤਾ ਜਾ ਵਿਸ਼ਾ ਬਣੇ ਹੋਏ ਹਨ।ਪੁਲਿਸ ਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਲੌਕਡਾਊਨ ਲਈ ਮਨ੍ਹਾ ਲਿਆ ਹੈ।ਪਰ ਕਿਸੇ ਵੀ ਰੋਸ਼ ਮਾਰਚ ਦੀ ਕਿਸਾਨਾਂ ਨੂੰ ਕੋਈ ਇਜਾਜ਼ਤ ਨਹੀਂ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਆਦੇਸ਼ ਦੀ ਉਡੀਕ ਹੈ।ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।
ਹੁਸ਼ਿਆਰਪੁਰ'ਚ ਵੀ ਕਿਸਾਨਾਂ ਨੇ ਕੈਪਟਨ ਦੇ ਲੌਕਡਾਊਨ ਦੀਆਂ ਉਡਾਈਆਂ ਧੱਜੀਆਂ
ਸੰਯੁਕਤ ਕਿਸਾਨ ਮੋਰਚਾ ਵੱਲੋਂ 8 ਮਈ ਨੂੰ ਦੁਕਾਨਦਾਰਾਂ ਦੇ ਹੱਕ 'ਚ ਬਜਾਰ ਖੁਲਵਾਉਣ ਦੀ ਗੱਲ ਕਹੀ ਗਈ ਸੀ। ਜਿਸ 'ਤੇ ਅੱਜ ਹੁਸ਼ਿਆਰਪੁਰ ਚ ਸਿੰਘਸਭਾ ਗੁਰਦੁਆਰਾ 'ਚ ਦੁਕਾਨਦਾਰਾਂ ਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਕਿਸਾਨਾਂ ਤੇ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਲੋਕ ਮੌਜੂਦ ਰਹੇ। ਜਿਸ 'ਤੇ ਕਿਸਾਨ ਲੀਡਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਆਪਣੇ ਲੌਕਡਾਊ ਦੇ ਫੈਸਲੇ ਵਾਪਸ ਨਾ ਲਏ ਤਾਂ ਪੂਰੇ ਪੰਜਾਬ 'ਚ ਚੱਕਾ ਜਾਮ ਕੀਤਾ ਜਾਵੇਗਾ।
ਕੈਪਟਨ ਦੀ ਸਖਤੀ ਨੂੰ ਟਿੱਚ ਜਾਣਦੇ ਗੁਰਦਾਸਪੁਰ ਦੇ ਕਿਸਾਨਾਂ ਨੇ ਬਜ਼ਾਰਾਂ 'ਚ ਕੀਤੇ ਝੰਡੇ ਬੁਲੰਦ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਜ਼ਿਲਾ ਗੁਰਦਾਸਪੁਰ 'ਚ ਵੱਖ-ਵੱਖ ਕਸਬਿਆਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਲੌਕਡਾਊਨ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਬਾਜ਼ਾਰਾਂ 'ਚ ਛੋਟੇ ਕਾਰੋਬਾਰੀ ਅਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਖੁਲਵਾਉਣ ਨੂੰ ਲੈਕੇ ਰੋਸ ਮਾਰਚ ਕੀਤਾ ਗਿਆ।
ਉੱਥੇ ਹੀ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਵਪਾਰੀਆਂ ਦਾ ਸਾਥ ਦੇਣ ਅਤੇ ਉਨ੍ਹਾਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਕਿਸਾਨ ਵੱਡੀ ਗਿਣਤੀ 'ਚ ਇਕੱਠੇ ਹੋਏ ਅਤੇ ਬਾਜ਼ਾਰਾਂ 'ਚ ਰੋਸ ਮਾਰਚ ਕੀਤਾ ਗਿਆ।