ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਜ਼ਿਲਾ ਗੁਰਦਾਸਪੁਰ 'ਚ ਵੱਖ-ਵੱਖ ਕਸਬਿਆਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਲੌਕਡਾਊਨ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਬਾਜ਼ਾਰਾਂ 'ਚ ਛੋਟੇ ਕਾਰੋਬਾਰੀ ਅਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਖੁਲਵਾਉਣ ਨੂੰ ਲੈਕੇ ਰੋਸ ਮਾਰਚ ਕੀਤਾ ਗਿਆ।


ਉੱਥੇ ਹੀ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਵਪਾਰੀਆਂ ਦਾ ਸਾਥ ਦੇਣ ਅਤੇ ਉਨ੍ਹਾਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਕਿਸਾਨ ਵੱਡੀ ਗਿਣਤੀ 'ਚ ਇਕੱਠੇ ਹੋਏ ਅਤੇ ਬਾਜ਼ਾਰਾਂ 'ਚ ਰੋਸ ਮਾਰਚ ਕੀਤਾ ਗਿਆ।


ਇਸ ਦੌਰਾਨ ਉਨ੍ਹਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅੱਜ ਸਰਕਾਰ ਕੋਰੋਨਾ ਦੇ ਨਾਂਅ ਹੇਠ ਲੋਕਾਂ ਨੂੰ ਡਰਾ ਧਮਕਾ ਰਹੀ ਹੈ ਜਦਕਿ ਜੇਕਰ ਕੋਰੋਨਾ ਹੈ ਤਾਂ ਸਰਕਾਰ ਦਾ ਪਹਿਲਾ ਫਰਜ਼ ਹੈ ਕਿ ਇਸ ਬਿਮਾਰੀ ਨਾਲ ਪੀੜਤ ਹਰ ਮਰੀਜ਼ ਦਾ ਇਲਾਜ ਹੋਵੇ। ਲੇਕਿਨ ਸਰਕਾਰ ਉਸ ਪੱਖ ਨੂੰ ਅਣਗੌਲਿਆ ਕਰ ਅੱਜ ਲੌਕਡਾਊਨ ਵੱਲ ਧਿਆਨ ਦੇ ਰਹੀ ਹੈ।


ਉਨ੍ਹਾਂ ਕਿਹਾ ਹਸਪਤਾਲਾਂ 'ਚ ਆਕਸੀਜ਼ਨ, ਦਵਾਈਆਂ ਅਤੇ ਕੋਰੋਨਾ ਵੈਕਸੀਨ ਤਕ ਨਹੀਂ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਛੋਟੇ ਕਾਰੋਬਾਰੀਆਂ ਦੀਆਂ ਦੁਕਾਨਾਂ ਸਰਕਾਰ ਬੰਦ ਕਰ ਰਹੀ ਹੈ ਤਾਂ ਹਰ ਵਰਗ ਨੂੰ ਆਰਥਿਕ ਮਦਦ ਵੀ ਦੇਵੇ ਤਾਂ ਜੋ ਪਰਿਵਾਰ ਦੀ ਰੋਜ਼ੀ ਰੋਟੀ ਦਾ ਬੰਦੋਬਸਤ ਹੋ ਸਕੇ।


ਉੱਥੇ ਦੂਸਰੇ ਪਾਸੇ ਕਿਸੇ ਵੀ ਦੁਕਾਨਦਾਰ ਵੱਲੋਂ ਦੁਕਾਨਾਂ ਨਹੀਂ ਖੋਲੀਆਂ ਗਈਆਂ। ਉਧਰ ਪੁਲਿਸ ਥਾਣਾ ਇੰਚਾਰਜ ਫਤਿਹਗੜ੍ਹ ਚੂੜੀਆਂ ਦੇ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਡੀਸੀ ਗੁਰਦਾਸਪੁਰ ਵੱਲੋਂ ਕੀਤੇ ਗਏ ਨਵੇਂ ਹੁਕਮਾਂ ਅਤੇ ਸੋਮਵਾਰ ਤੋਂ ਸਾਰੀਆਂ ਦੁਕਾਨਾਂ ਖੋਲਣ ਦੇ ਦਿੱਤੇ ਆਦੇਸ਼ ਬਾਰੇ ਜਾਣੂ ਕਰਵਾਇਆ ਜਾ ਚੁਕਾ ਹੈ।


ਉਨ੍ਹਾਂ ਕਿਹਾ ਅੱਜ ਭਾਵੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਦੁਕਾਨਾਂ ਖੋਲਣ ਨੂੰ ਲੈਕੇ ਮਾਰਚ ਕੀਤਾ ਗਿਆ ਹੈ ਲੇਕਿਨ ਕਿਸੇ ਵੀ ਦੁਕਾਨਦਾਰ ਵੱਲੋਂ ਵੀਕਐਂਡ ਲੌਕ ਡਾਊਨ ਦੀ ਉਲੰਘਣਾ ਨਹੀਂ ਕੀਤੀ ਗਈ ਅਤੇ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।