ਗਗਨਦੀਪ ਸ਼ਰਮਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਕਿਸਾਨ ਆਗੂਆਂ ਨੂੰ ਦਿੱਤੀ ਚਿਤਾਵਨੀ ਦਾ ਅਸਰ ਭਾਵੇਂ ਕਿਸਾਨਾਂ 'ਤੇ ਨਹੀਂ ਹੋਇਆ ਪਰ ਦੁਕਾਨਦਾਰਾਂ 'ਤੇ ਇਸ ਦਾ ਸਾਫ ਅਸਰ ਦੇਖਣ ਨੂੰ ਮਿਲਿਆ ਤੇ ਦੁਕਾਨਦਾਰਾਂ ਨੇ ਦੁਕਾਨਾਂ ਖੋਲਣ ਤੋਂ ਪ੍ਰਹੇਜ ਹੀ ਕੀਤਾ। ਦੂਜੇ ਪਾਸੇ ਪੁਲਿਸ ਵੱਲੋਂ ਵੀ ਅੱਜ ਸਖਤੀ ਨਜਰ ਆਈ ਤੇ ਪੁਲਿਸ ਪੈਟਰੋਲਿੰਗ ਵੀ ਜਾਰੀ ਰਹੀ ਹੈ।ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ "ਕੈਪਟਨ ਸਰਕਾਰ ਵੱਲੋਂ ਸ਼ਰੇਆਮ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਤੇ ਦੁਕਾਨਦਾਰਾਂ ਨੂੰ ਡਰਾਇਆ ਜਾ ਰਿਹਾ ਹੈ ਕਿਉਂਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਕਾਰਪੋਰੇਟ ਅਦਾਰਿਆਂ ਨੂੰ ਲਿਆਉਣਾ ਚਾਹੁੰਦੀ ਹੈ।ਇਸੇ ਕਰਕੇ ਕੋਰੋਨਾ ਦੀ ਆੜ 'ਚ ਛੋਟੇ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ।"
ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਉਨਾਂ ਵੱਲੋਂ ਵੀ ਬੀਤੀ ਸ਼ਾਮ ਸੁਲਤਾਨਵਿੰਡ ਰੋਡ, ਚਾਟੀਵਿੰਡ, ਗਿਲਵਾਲੀ ਰੋਡ, ਤਰਨਤਾਰਨ ਰੋਡ ਆਦਿ 'ਤੇ ਬਕਾਇਦਾ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਸਵੇਰੇ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਪੁਲਿਸ ਨੇ ਬੀਤੀ ਰਾਤ ਤੋਂ ਦੁਕਾਨਦਾਰਾਂ ਨੂੰ ਇਸ ਕਦਰ ਡਰਾਇਆ ਕਿ ਅੱਜ ਦੁਕਾਨਦਾਰ ਬਜਾਰਾਂ 'ਚ ਹੀ ਨਹੀਂ ਆਏ।ਕਿਸਾਨ ਆਗੂ ਪਰਮਜੀਤ ਸਿੰਘ ਤੇ ਅੰਗਰੇਜ ਸਿੰਘ ਚਾਟੀਵਿੰਡ ਨੇ ਕਿਹਾ ਕਿ ਉਨਾਂ ਵੱਲੋਂ ਸਿਰਫ ਹੱਥ ਜੋੜ ਕੇ ਸ਼ਾਂਤਮਈ ਤਰੀਕੇ ਨਾਲ ਮਾਰਚ ਕਰਨ ਦਾ ਪ੍ਰੋਗਰਾਮ ਹੈ ਤਾਂਕਿ ਲੋਕਾਂ ਨੂੰ ਸਰਕਾਰ ਦੀਆਂ ਕਾਰਪੋਰੇਟ ਅਦਾਰਿਆਂ ਪ੍ਰਤੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ।