ਜਲੰਧਰ: ਜ਼ਿਲ੍ਹਾ ਜਲੰਧਰ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ।ਵੀਕੈਂਡ ਲਾਕਡਾਊਨ ਦੇ ਦੌਰਾਨ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪਾਸਪੋਰਟ ਦਫ਼ਤਰ ਦੀ ਤੀਜੀ ਮੰਜ਼ਲ 'ਤੇ ਪੀ.ਐਨ.ਬੀ. ਮੈਟਲਾਈਫ ਬੀਮਾ ਦਫ਼ਤਰ ਵਿਚ ਭਿਆਨਕ ਅੱਗ ਲੱਗਣ ਨਾਲ ਪੂਰਾ ਦਫ਼ਤਰ ਸੜਕੇ ਸਵਾਹ ਹੋ ਗਿਆ ਹੈ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


ਇਸ ਘਟਨਾ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਜਾਉਣ ਵਿੱਚ ਲੱਗੀਆਂ ਹੋਈਆਂ ਹਨ।ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਥਾਣਾ ਨੰਬਰ ਛੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 9:30 ਵਜੇ ਦੇ ਕਰੀਬ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪਾਸਪੋਰਟ ਦਫ਼ਤਰ ਦੀ ਤੀਜੀ ਮੰਜ਼ਿਲ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲਣ 'ਤੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਪੀ.ਐਨ.ਬੀ. ਮੈਟਲਾਈਫ ਬੀਮਾ ਕੰਪਨੀ ਦੇ ਦਫ਼ਤਰ ਨੂੰ ਅੱਗ ਲੱਗੀ। ਇਸ ਤੋਂ ਬਾਅਦ ਜਲਦੀ ਹੀ ਇਹ ਅੱਗ ਦੀਆਂ ਲਪਟਾਂ ਵਿੱਚ ਬਦਲ ਗਈ ਅਤੇ ਪੂਰਾ ਦਫਤਰ ਅੱਗ ਦੀ ਲਪੇਟ ਵਿੱਚ ਆ ਗਿਆ।