ਜਲੰਧਰ: ਪਰਾਲੀ ਸਾੜਨ ਵਾਲੇ ਕਿਸਾਨ ਜਾਣ ਗਏ ਹਨ ਕਿ ਅਮਰੀਕੀ ਉਪਗ੍ਰਹਿ ਉਨ੍ਹਾਂ ਦੇ ਖੇਤਾਂ ਦੀ ਨਿਗਰਾਨੀ ਕਰ ਰਿਹਾ ਹੈ। ਇਸ ਲਈ ਉਨ੍ਹਾਂ ਸੈਟੇਲਾਈਟ ਨੂੰ ਚਕਮਾ ਦੇਣ ਦਾ ਜੁਗਾੜ ਵੀ ਲੱਭ ਲਿਆ ਹੈ। ਕਿਸਾਨ ਪਰਾਲੀ ਤਾਂ ਸਾੜਦੇ ਹਨ, ਪਰ ਉਸਦੇ ਤੁਰੰਤ ਬਾਅਦ ਉਹ ਖੇਤਾਂ ਵਿੱਚ ਪਾਣੀ ਛੱਡ ਦਿੰਦੇ ਹਨ ਤੇ ਖੇਤ ਨੂੰ ਟਰੈਕਟਰ ਨਾਲ ਵਾਹ ਦਿੰਦੇ ਹਨ। ਕਿਉਂਕਿ ਸੈਟੇਲਾਈਟ ਏਰੀਏ ਦੇ ਵਧਦੇ ਤਾਪਮਾਨ ਦੇ ਹਿਸਾਬ ਨਾਲ ਪਰਾਲੀ ਸਾੜਨ ਵਾਲੇ ਖੇਤ ਦਾ ਪਤਾ ਲਾਉਂਦਾ ਹੈ, ਜਦੋਂ ਪਰਾਲੀ ਸਾੜਨ ਦੇ ਤੁਰੰਤ ਬਾਅਦ ਖੇਤ ਨੂੰ ਪਾਣੀ ਲਾ ਦਿੱਤਾ ਜਾਂਦਾ ਹੈ ਤਾਂ ਉਸ ਖੇਤ ਦਾ ਤਾਪਮਾਨ ਘਟ ਜਾਂਦਾ ਹੈ, ਇਸ ਲਈ ਉਪਗ੍ਰਹਿ ਉਸ ਖੇਤ ਨੂੰ ਪਛਾਣ ਨਹੀਂ ਪਾਉਂਦਾ।

ਇਸ ਤੋਂ ਇਲਾਵਾ ਸੈਟੇਲਾਈਟ ਤੋਂ ਦਿਨ ਭਰ ਦੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਰਾਤ 8 ਵਜੇ ਤੋਂ ਬਾਅਦ ਆਉਂਦੀਆਂ ਹਨ। ਸਰਕਾਰੀ ਟੀਮ ਵੀ ਰਾਤ ਨੂੰ ਖੇਤਾਂ ਦਾ ਨਰੀਖਣ ਲੈਣ ਨਹੀਂ ਜਾਂਦੀ। ਇਸ ਲਈ ਕਿਸਾਨ ਪਰਾਲੀ ਵੀ ਸਾੜ ਰਹੇ ਹਨ ਤੇ ਸਰਕਾਰ ਨੂੰ ਵੀ ਚਕਮਾ ਦੇ ਰਹੇ ਹਨ। ਐਤਵਾਰ ਰਾਤ ਤਕ ਉਪਗ੍ਰਿਹ ਤੋਂ ਪਰਾਲੀ ਸਾੜਨ ਦੇ 268 ਮਾਮਲਿਆਂ ਵਿੱਚੋਂ ਪ੍ਰਦੂਸ਼ਣ ਕੰਟਰੋਲ ਬੋਰਡ ਮਹਿਜ਼ 27 ਦਾ ਹੀ ਚਲਾਨ ਕੱਟ ਪਾਇਆ ਹੈ। ਬਾਕੀ ਮਾਮਲੇ ਸਬੂਤਾਂ ਦੀ ਘਾਟ ਕਰਕੇ ਛੁੱਟ ਗਏ। ਯਾਨੀ ਕੁੱਲ ਮਾਮਲਿਆਂ ਦੇ ਮਹਿਜ਼ 10 ਫੀਸਦੀ ’ਤੇ ਹੀ ਕਾਰਵਾਈ ਹੋ ਪਾਈ ਹੈ।

ਪਿੰਡਾ ਦਾ ਦੌਰਾ ਕਰਨਗੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ

ਕਿਸਾਨ ਖੇਤ ਵਿੱਚ ਕਿਤੇ-ਕਿਤੇ ਅੱਗ ਲਾਉਂਦੇ ਹਨ। ਕੁਝ ਮਿੰਟਾਂ ਬਾਅਦ ਪੂਰਾ ਖੇਤ ਅੱਗ ਦੀ ਚਪੇਟ ਵਿੱਚ ਆ ਜਾਂਦਾ ਹੈ। 70 ਫੀਸਦੀ ਕਿਸਾਨ ਪਰਾਲੀ ਸੜਨ ’ਤੇ ਖੇਤ ਵਿੱਚ ਪਾਣੀ ਛੱਡ ਦਿੰਦੇ ਹਨ ਤੇ ਉਸ ਤੋਂ ਬਾਅਦ ਖੇਤ ਵਾਹ ਦਿੰਦੇ ਹਨ। ਬਾਅਦ ਵਿੱਚ ਜਦੋਂ ਕੋਈ ਅਫ਼ਸਰ ਮੌਕੇ ’ਤੇ ਜਾਂਚ ਲਈ ਪਹੁੰਚਦਾ ਹੈ ਤਾਂ ਕਿਸਾਨ ਪਰਾਲੀ ਲਾਉਣ ਦੀ ਗੱਲ ਤੋਂ ਮੁੱਕਰ ਜਾਂਦੇ ਹਨ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਇੰਜਨੀਅਰ ਅਰੁਣ ਕੱਕੜ ਨੇ ਦੱਸਿਆ ਕਿ ਮੰਗਲਵਾਰ ਨੂੰ ਵਿਭਾਗ ਦੀਆਂ ਟੀਮਾਂ ਇਲਾਕੇ ਦਾ ਦੌਰਾ ਕਰਨਗੀਆਂ।