ਚੰਡੀਗੜ੍ਹ: ਪੰਜਾਬ ਵਿੱਚ ਅੱਜ 10 ਜੂਨ ਤੋਂ ਅਧਿਕਾਰਤ ਤੌਰ 'ਤੇ   ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨਾਂ ਅੰਦਰ ਝੋਨੇ ਦੀ ਲਵਾਈ ਲਈ ਕਾਫੀ ਉਤਸ਼ਾਹ ਹੈ ਪਰ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਣ ਮੁੱਲ ਕੀਤੇ ਨਿਗੂਣੇ ਵਾਧੇ ਤੋਂ ਪ੍ਰੇਸ਼ਾਨ ਹਨ।

ਕਿਸਾਨ ਜਥੇਬੰਦੀ ਦੇ ਲੀਡਰਾਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਿਰਫ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ। ਇਹ ਲਾਗਤ ਦੀ ਤੁਲਣਾ ਵਿੱਚ ਬਹੁਤ ਘੱਟ ਹੈ। ਉਨ੍ਹਾਂ ਇਸ ਵਾਧੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਹੈ। ਝੋਨੇ ਦੇ ਭਾਅ ਵਿੱਚ ਪ੍ਰਤੀ ਕੁਇੰਟਲ 500 ਰੁਪਏ ਵਾਧਾ ਕੀਤਾ ਜਾਵੇ।

ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਕਿਸਾਨ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ, ਉਨ੍ਹਾਂ ਦਾ ਝੋਨਾ ਲਾਉਣ ਦਾ ਜ਼ਿੰਮਾ ਵੀ ਰਲ-ਮਿਲ ਕੇ ਇੱਥੇ ਰਹਿੰਦੇ ਕਿਸਾਨਾਂ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਆਈ ਪਰਵਾਸੀ ਲੇਬਰ ਵੱਲੋਂ ਦੱਸਿਆ ਗਿਆ ਹੈ ਕਿ ਯੂਪੀ ਤੇ ਬਿਹਾਰ ਵਿੱਚ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਇਸ ਕਰਕੇ ਉਹ ਪੰਜਾਬ ਵਿੱਚ ਝੋਨਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜ਼ਮੀਨ ਵਾਲੇ ਹੋ ਕੇ ਵੀ ਮੰਡੀਕਰਨ ਨਾ ਹੋਣ ਕਰਕੇ ਪੰਜਾਬ ਵਿੱਚ ਲੇਬਰ ਕਰਨ ਲਈ ਮਜਬੂਰ ਹਨ।

ਉਧਰ, ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਬਿਜਲੀ ਵਿਭਾਗ ਵੱਲੋਂ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਸ਼ੁਰੂ ਹੋ ਚੁੱਕੀ ਹੈ। ਅੱਜ ਬਰਨਾਲਾ ਜ਼ਿਲ੍ਹੇ ਦੇ ਖੇਤਾਂ ਵਿੱਚ ਜਾ ਕੇ ਦੇਖਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਝੋਨੇ ਦੀ ਲਵਾਈ ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ੁਰੂ ਕਰ ਦਿੱਤੀ ਹੈ ਤੇ ਬਿਜਲੀ ਦੀ ਸਪਲਾਈ ਵੀ ਅੱਠ ਘੰਟੇ ਨਿਰਵਿਘਨ ਸ਼ੁਰੂ ਹੋ ਗਈ ਹੈ।

ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ 10 ਘੰਟੇ ਕੀਤੀ ਜਾਵੇ। ਕਿਸਾਨਾਂ ਦੱਸਿਆ ਕਿ ਇਸ ਵਾਰ ਲੇਬਰ ਦੀ ਕੋਈ ਬਹੁਤੀ ਸਮੱਸਿਆ ਨਹੀਂ ਪਰ ਯੂਰੀਆ ਖਾਦ ਦੀ ਸਮੱਸਿਆ ਜ਼ਰੂਰ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ 10 ਘੰਟੇ ਕੀਤੀ ਜਾਵੇ ਤੇ ਖਾਦ ਦੀ ਘਾਟ ਨੂੰ ਪੂਰਾ ਕੀਤਾ ਜਾਵੇ।