ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਸਰਕਾਰੀ ਤੌਰ 'ਤੇ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਬੇਸ਼ੱਕ ਕਈ ਥਾਵਾਂ ਉੱਪਰ ਕਿਸਾਨਾਂ ਨੇ ਇਸ ਵਾਰ ਪਹਿਲਾਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਸੀ ਪਰ ਸਰਕਾਰੀ ਤੌਰ ਉੱਪਰ ਅੱਠ ਘੰਟੇ ਬਿਜਲੀ ਦੀ ਸਪਲਾਈ ਅੱਜ ਤੋਂ ਸ਼ੁਰੂ ਕੀਤੀ ਗਈ ਹੈ। ਪੰਜਾਬ ਅੰਦਰ ਜ਼ਿਆਦਾਤਰ ਝੋਨਾ ਟਿਊਬਵੈੱਲਾਂ ਦੇ ਪਾਣੀ ਰਾਹੀਂ ਹੀ ਲਾਇਆ ਜਾਂਦਾ ਹੈ।
ਪੰਜਾਬ ਵਿੱਚ ਐਤਕੀਂ 30.20 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਦਾ ਟੀਚਾ ਰੱਖਿਆ ਗਿਆ ਹੈ ਜਦੋਂ ਕਿ ਲੰਘੇ ਵਰ੍ਹੇ 31.49 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫਸਲ ਸੀ। ਇਸੇ ਤਰ੍ਹਾਂ ਪਾਵਰਕੌਮ ਨੇ ਖੇਤੀ ਸੈਕਟਰ ਲਈ ਅੱਜ ਰਾਤ ਤੋਂ ਹੀ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕਰ ਲਏ ਹਨ। ਪੰਜਾਬ ਵਿੱਚ ਕਰੀਬ 7 ਹਜ਼ਾਰ ਖੇਤੀ ਫੀਡਰਾਂ ’ਤੇ ਇਹ ਬਿਜਲੀ ਸਪਲਾਈ ਯਕੀਨੀ ਬਣਾਈ ਜਾਣੀ ਹੈ।
ਪਾਵਰਕੌਮ ਦੇ ਸੀਐਮਡੀ ਏ.ਵੇਨੂੰ ਪ੍ਰਸ਼ਾਦ ਨੇ ਕਿਹਾ ਕਿ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਦੇਣ ਲਈ ਬਿਜਲੀ ਸਪਲਾਈ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਝੋਨੇ ਦੇ ਸੀਜ਼ਨ ਦੌਰਾਨ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਥਰਮਲਾਂ ਕੋਲ ਤੀਹ ਤੀਹ ਦਿਨ ਦਾ ਕੋਲੇ ਦਾ ਭੰਡਾਰ ਮੌਜੂਦ ਹੈ। ਇੱਕ ਹਜ਼ਾਰ ਮੈਗਾਵਾਟ ਬਿਜਲੀ ਦਾ ਬੈਕਿੰਗ ਜ਼ਰੀਏ ਇੰਤਜ਼ਾਮ ਕੀਤਾ ਗਿਆ ਹੈ। ਪਾਵਰਕੌਮ ਨੇ 14 ਹਜ਼ਾਰ ਮੈਗਾਵਾਟ ਬਿਜਲੀ ਦੇ ਅਗਾਊਂ ਪ੍ਰਬੰਧ ਕੀਤੇ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ 10 ਜੂਨ ਦੀ ਤਰੀਕ ਮਿੱਥੀ ਗਈ ਹੈ। ਇਸ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿੱਚ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਵਾ ਦਿੱਤੀ ਸੀ। ਐਤਕੀਂ ਪਿਛਲੇ ਦਿਨਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਕਮੀ ਕਰਕੇ ਝੋਨੇ ਦੇ ਸੀਜ਼ਨ ਵਿੱਚ ਲੇਬਰ ਦਾ ਸੰਕਟ ਬਣਨ ਲੱਗਾ ਸੀ, ਪਰ ਦੋ ਦਿਨਾਂ ਤੋਂ ਪੰਜਾਬ ਵਿੱਚ ਪਰਵਾਸੀ ਮਜ਼ਦੂਰ ਪੁੱਜਣੇ ਸ਼ੁਰੂ ਹੋ ਗਏ ਹਨ। ਝੋਨੇ ਦੀ ਲਵਾਈ ਦਾ ਰੇਟ 3200 ਰੁਪਏ ਪ੍ਰਤੀ ਏਕੜ ਦੇ ਆਸ ਪਾਸ ਆ ਗਿਆ ਹੈ।
ਕਿਸਾਨਾਂ ਨੇ ਬੁੱਧਵਾਰ ਤੋਂ ਹੀ ਖੇਤਾਂ ਵਿੱਚ ਝੋਨੇ ਦੀ ਪਨੀਰੀ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਖੇਤਾਂ ਨੂੰ ਕੱਦੂ ਕਰਨ ਦੀ ਤਿਆਰੀ ਵੀ ਵਿੱਢ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਝੋਨੇ ਦੀ ਲਵਾਈ ਦੌਰਾਨ ਕਿਸੇ ਵੀ ਤਰ੍ਹਾਂ ਦਿੱਲੀ ਮੋਰਚਿਆਂ ਵਿੱਚ ਗਿਣਤੀ ਨਹੀਂ ਘਟੇਗੀ ਕਿਉਂਕਿ ਪਹਿਲਾਂ ਹੀ ਯੋਜਨਾਬੰਦੀ ਕਰ ਲਈ ਹੈ।