ਨਵੀ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫਤਾਰ ਮੱਠੀ ਪੈਣ ਨਾਲ ਪੰਜਾਬ 'ਚ ਵੀ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਹੈ। ਪਹਿਲਾਂ ਦੇ ਮੁਕਾਬਲੇ ਪੰਜਾਬ 'ਚ ਕੋਰੋਨਾ ਕੇਸਾਂ 'ਚ ਕਮੀ ਦਰਜ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਘਟ ਰਿਹਾ ਹੈ। ਬੁੱਧਵਾਰ ਸੂਬੇ 'ਚ ਕੋਰੋਨਾ ਵਾਇਰਸਦੇ 1407 ਨਵੇਂ ਕੇਸ ਦਰਜ ਕੀਤੇ ਗਏ ਜਦਕਿ 66 ਲੋਕਾਂ ਦੀ ਮੌਤ ਹੋਈ।


ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ 2521 ਲੋਕਾਂ ਨੇ ਕੋਰੋਨਾ ਜੰਗ ਜਿੱਤੀ ਯਾਨੀ ਕਿ ਉਹ ਠੀਕ ਹੋਕੇ ਘਰਾਂ ਨੂੰ ਪਰਤ ਗਏ। ਪੰਜਾਬ 'ਚ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 17,344 ਲੋਕਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 3,24 ਮਰੀਜ਼ ਆਕਸੀਜਨ ਸਪੋਰਟ ਤੇ ਹਨ। 240 ਅਜਿਹੇ ਮਰੀਜ਼ ਹਨ ਜਿੰਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।


ਦੇਸ਼ ਭਰ 'ਚ ਘਟ ਰਹੇ ਕੋਰੋਨਾ ਕੇਸ


ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ’ਚ ਗਿਰਾਵਟ ਜਾਰੀ ਹੈ। ਮਈ ਦੀ ਸ਼ੁਰੂਆਤ ’ਚ ਮਹਾਮਾਰੀ ਆਪਣੇ ਸਿਖਰ ’ਤੇ ਸੀ, ਉਦੋਂ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 3.88 ਲੱਖ ਦਾ ਵਾਧਾ ਹੋਇਆ ਸੀ। ਇਸ ਦੇ ਮੁਕਾਬਲੇ ਜੂਨ ਦੇ ਪਹਿਲੇ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 5.62 ਲੱਖ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਮਿਆਦ ਦੌਰਾਨ ਇਸ ਮਹੀਨੇ ਲਗਪਗ ਸਾਢੇ ਅੱਠ ਹਜ਼ਾਰ ਮੌਤਾਂ ਵੀ ਘੱਟ ਹੋਈਆਂ ਹਨ।


ਦੇਸ਼ ’ਚ ਇਕ ਜੂਨ ਨੂੰ ਕੁੱਲ ਸਰਗਰਮ ਮਾਮਲੇ 17,89456 ਸਨ ਜੋ ਅੱਠ ਜੂਨ ਨੂੰ ਘੱਟ ਕੇ 12,26852 ਰਹਿ ਗਏ। ਇਸ ਤਰ੍ਹਾਂ ਜੂਨ ਦੇ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 562604 ਦੀ ਗਿਰਾਵਟ ਆਈ ਹੈ। ਇਸ ਦੇ ਮੁਕਾਬਲੇ ’ਚ ਇਕ ਮਈ ਨੂੰ ਸਰਗਰਮ ਮਾਮਲਿਆਂ ਦੀ ਗਿਣਤੀ 3343856 ਸੀ ਜੋ ਅੱਠ ਮਈ ਨੂੰ ਵੱਧ ਕੇ 3732458 ਹੋ ਗਈ ਸੀ। ਇਸੇ ਤਰ੍ਹਾਂ ਮਈ ਦੇ ਪਹਿਲੇ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ ਜਿੰਨੀ ਤੇਜ਼ੀ ਨਾਲ ਵਾਧਾ ਹੋਇਆ ਸੀ, ਉਸ ਤੋਂ ਲਗਪਗ ਦੁੱਗਣੀ ਰਫ਼ਤਾਰ ਨਾਲ ਉਨ੍ਹਾਂ ’ਚ ਗਿਰਾਵਟ ਆ ਰਹੀ ਹੈ।