Farmer Protest: ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਦਾ ਅੱਜ ਤੀਜਾ ਦਿਨ ਹੈ। ਲੰਘੇ ਦੋ ਦਿਨਾਂ ਵਿੱਚ ਹਰਿਆਣਾ ਪੁਲਿਸ ਨੇ ਡਰੋਨ ਦੀ ਮਦਦ ਨਾਲ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਕਾਰਨ ਪਹਿਲੇ ਦਿਨ ਤਾਂ ਕਿਸਾਨ ਬਹੁਤ ਪ੍ਰੇਸ਼ਾਨ ਹੋਏ ਪਰ ਹੁਣ ਉਨ੍ਹਾਂ ਨੇ ਇਸ ਦਾ ਹੱਲ ਲੱਭ ਲਿਆ ਹੈ ਜਿਸ ਨਾਲ ਹਰਿਆਣਾ ਪੁਲਿਸ ਤੇ ਸਰਕਾਰ ਦੋਵੇਂ ਹੀ ਹੈਰਾਨ ਰਹਿ ਗਏ।
ਦਰਅਸਲ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਵੱਲੋਂ ਪਤੰਗ ਉਡਾ ਕੇ ਡਰੋਨ ਨੂੰ ਸੁੱਟਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਹੈ ਜਿਸ ਵਿੱਚ ਉਹ ਕਾਮਯਾਬ ਵੀ ਹੋਏ ਹਨ। ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀਆਂ ਹੈ ਜਿਸ ਉੱਤੇ ਲੋਕ ਆਪਣੀ ਪ੍ਰਤੀਰਿਆ ਦੇ ਰਹੇ ਨੇ ਕਿ 'ਜੱਟ ਜੁਗਾੜੀ ਹੁੰਦੇ ਨੇ'
ਜ਼ਿਕਰ ਕਰ ਦਈਏ ਕਿ ਕਿਸਾਨਾਂ ਵੱਲੋਂ ਪਤੰਗ ਚੜ੍ਹਾ ਕੇ ਉਸ ਦੀ ਡੋਰ ਵਿੱਚ ਡਰੋਨ ਨੂੰ ਫਸਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਡਰੋਨ ਬੇਕਾਬੂ ਹੋ ਕੇ ਧਰਤੀ ਉੱਤੇ ਡਿੱਗ ਰਹੇ ਹਨ। ਡਰੋਨ ਸੁੱਟਣ ਤੋਂ ਬਾਅਦ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 5 ਰੁਪਏ ਦੇ ਪਤੰਗ ਨਾਲ 5 ਲੱਖ ਦਾ ਡਰੋਨ ਸੁੱਟ ਲਿਆ।।
ਪੁਲਿਸ ਦੇ ਤਸ਼ੱਦਦ ਤੋਂ ਬਾਅਦ ਪੰਜਾਬ ਵਿੱਚ ਐਕਸ਼ਨ
ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਉੱਤੇ ਹੋਏ ਤਸ਼ੱਦਦ ਤੋਂ ਬਾਅਦ ਪੰਜਾਬ ਵਿੱਚ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ ਤੇ ਟੋਲ ਪਲਾਜ਼ੇ ਮੁਫ਼ਤ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 16 ਫਰਵਰੀ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਹਰ ਵਰਗ ਨੂੰ ਸਹਿਯੋਗ ਦੇਣ ਦੀ ਗੱਲ ਕਹੀ ਗਈ ਹੈ। 15 ਫਰਵਰੀ ਨੂੰ ਕਿਸਾਨ ਆਗੂਆਂ ਤੇ ਕੇਂਦਰ ਦੇ ਮੰਤਰੀਆਂ ਵਿਚਾਲੇ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।