Ludhiana News: ਪੰਜਾਬ ਦੀ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਕੇਂਦਰ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਪੁਲਿਸ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ। ਅਨਮੋਲ ਗਗਨ ਮਾਨ ਕਿਲਾ ਰਾਏਪੁਰ ਵਿੱਚ ਚੱਲ ਰਹੇ ਰੂਰਲ ਓਲੰਪਿਕਸ ਦੇ ਆਖਰੀ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਸ ਖੇਡ ਮੇਲੇ ਨੂੰ ਉਤਸ਼ਾਹਿਤ ਕਰਨ ਵਾਸਤੇ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵੀ ਦੱਸਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਨਮੋਲ ਗਗਨ ਮਾਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਉਹ ਖੁਦ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਤੇ ਉਨ੍ਹਾਂ ਦੇ ਪੁਰਖੇ ਵੀ ਖੇਤੀ ਕਰਦੇ ਰਹੇ ਹਨ। ਕਿਸਾਨਾਂ ਉਪਰ ਅਥਰੂ ਗੈਸ ਦੀ ਵਰਤੋਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲਗਾਤਾਰ ਕਈਆਂ ਦੀਆਂ ਅੱਖਾਂ ਦਾ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੇ ਖਬਰ ਪੜ੍ਹੀ ਹੈ ਕਿ ਕਈਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਗੈਰ ਕਾਨੂਨੀ ਤਰੀਕੇ ਨਾਲ ਪੁਲਿਸ ਨੂੰ ਹਥਿਆਰ ਬਣਾਇਆ ਹੈ, ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਪੰਜਾਬੀ ਹਮੇਸ਼ਾ ਤੋਂ ਦੇਸ਼ ਲਈ ਰਾਹ ਬਣੇ ਹਨ ਤੇ ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਹਨ। ਪੰਜਾਬ ਨੂੰ ਜਿੰਨਾ ਇਹ ਦਬਾਉਂਦੇ ਹਨ, ਇਹ ਓਨਾ ਹੀ ਉੱਠਦਾ ਹੈ ਤੇ ਅੱਗੇ ਵੀ ਉੱਠਦਾ ਰਹੇਗਾ। ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਹਾਂ ਤੇ ਸਰਕਾਰ ਕਿਸਾਨਾਂ ਦੇ ਨਾਲ ਹੈ।
ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਸਪੀ ਸਬੰਧੀ ਵਾਅਦਿਆਂ ਦੀਆਂ ਵੀਡੀਓ ਸ਼ੇਅਰ ਕਰਨ ਬਾਰੇ ਉਨ੍ਹਾਂ ਨੇ ਕਿਹਾ ਕਿ ਮੇਰਾ ਇੱਕੋ ਹੀ ਸੁਪਨਾ ਹੈ ਕਿ ਸਾਰੇ ਕਿਸਾਨਾਂ ਨੂੰ ਐਮਐਸਪੀ ਮਿਲੇ। ਇਹ ਗੱਲ ਮੈਂ ਦਿਲੋਂ ਕਹੀ ਸੀ ਤੇ ਜੇਕਰ ਮੈਨੂੰ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਮੈਂ ਐਮਐਸਪੀ ਦਾ ਹੀ ਪੱਖ ਲਵਾਂਗੀ। ਉਹ ਗੱਲ ਉਨ੍ਹਾਂ ਨੇ ਭਾਵੁਕ ਹੋ ਕੇ ਕਹੀ ਸੀ ਤੇ ਹੁਣ ਪਤਾ ਚੱਲਿਆ ਹੈ ਕਿ ਕਈ ਗੱਲਾਂ ਸਰਕਾਰ ਵਿੱਚ ਹੌਲੀ-ਹੌਲੀ ਹੁੰਦੀਆਂ ਹਨ। ਪਰ ਉਹ ਇਸ ਲਈ ਵਚਨਬੱਧ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਪੱਖੋਂ ਕਿਸਾਨਾਂ ਦੇ ਨਾਲ ਖੜੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਪੰਜਾਬ ਸਰਕਾਰ ਤੇ ਕਿਸਾਨਾਂ ਨੂੰ ਨਾ ਰੋਕਣ ਸਬੰਧੀ ਲਗਾਏ ਗਏ ਇਲਜ਼ਾਮਾਂ ਬਾਰੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਨ੍ਹਾਂ ਦਾ ਜ਼ਮੀਰ ਵਿਕਿਆ ਹੋ ਸਕਦਾ ਹੈ, ਅਸੀਂ ਕਿਸਾਨਾਂ ਦੇ ਨਾਲ ਹਾਂ।
ਕਿਲਾ ਰਾਏਪੁਰ ਮਿੰਨੀ ਓਲੰਪਿਕਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਜਦੋਂ ਪਿਛਲੀ ਵਾਰ ਉਹ ਇਸ ਮੇਲੇ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਅਗਲੀ ਵਾਰ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਇਹ ਖੇਡ ਮੇਲਾ ਕਰਵਾਇਆ ਜਾਵੇਗਾ ਤੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਮੇਲੇ ਨੂੰ ਦੁਨੀਆਂ ਪੱਧਰ ਤੇ ਦਿਖਾਇਆ ਜਾਵੇ। ਵੱਧ ਤੋਂ ਵੱਧ ਲੋਕਾਂ ਦੀ ਇਸ ਵਿੱਚ ਸ਼ਮੂਲੀਅਤ ਹੋਵੇ।