ਬਰਨਾਲਾ: ਪਣ ਬਿਜਲੀ ਪ੍ਰਾਜੈਕਟ ਭਾਖੜਾ ਬਿਆਸ ਪ੍ਰਬੰਧਕੀ ਬੋਰਡ (BBMB) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਫੈਸਲੇ ਦਾ ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਵਿਰੋਧ ਕੀਤਾ ਗਿਆ।ਕੇਂਦਰ ਸਰਕਾਰ ਦੇ ਖਿਲਾਫ਼ ਦਾਣਾ ਮੰਡੀ ਵਿੱਚ ਇਕੱਠ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ।ਇਸ ਸਬੰਧੀ ਡੀਸੀ ਬਰਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।


ਇਸ ਮੌਕੇ ਕਿਸਾਨਾਂ ਨੂੰ ਸਬੋਧਨ ਕਰਦਿਆਂ  ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਵਸਨੀਕ ਸਾਰੇ ਕਿਰਤੀ ਵਰਗਾਂ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਹੈ ਕਿ ਪਹਿਲਾਂ ਵਾਂਗ ਹੀ ਪੰਜਾਬ ਹਰਿਆਣੇ ਦਾ ਕੰਟਰੋਲ ਕਾਇਮ ਰੱਖਣ ਲਈ ਬਿਜਲੀ ਅਤੇ ਸਿੰਜਾਈ ਦੇ ਪੱਕੇ ਮੈਂਬਰ ਪੰਜਾਬ ਹਰਿਆਣੇ ਵਿੱਚੋਂ ਹੀ ਨਿਯੁਕਤ ਕੀਤੇ ਜਾਣ।


ਇਸ ਦੇ ਨਾਲ ਹੀ ਹੋਰ ਪ੍ਰਬੰਧਕੀ ਮੈਂਬਰ ਵੀ ਇਨ੍ਹਾਂ ਰਾਜਾਂ ਸਮੇਤ ਇਸ ਪ੍ਰਾਜੈਕਟ ਦੇ ਹਿੱਸੇਦਾਰ ਹਿਮਾਚਲ ਤੇ ਰਾਜਸਥਾਨ ਵਿੱਚੋਂ ਹੀ ਨਿਯੁਕਤ ਕੀਤੇ ਜਾਣ। ਫੈਸਲੇ ਕਰਨ ਦਾ ਅਧਿਕਾਰ ਇਨ੍ਹਾਂ ਮੈਂਬਰਾਂ ਕੋਲ਼ ਹੀ ਹੋਵੇ ਅਤੇ ਹੋਰ ਬਾਹਰਲੇ ਰਾਜ ਵਿੱਚੋਂ ਨਿਯੁਕਤ ਕੀਤਾ ਗਿਆ ਚੇਅਰਮੈਨ ਪਹਿਲਾਂ ਵਾਂਗ ਸਿਰਫ਼ ਨਿਗਰਾਨ ਵਜੋਂ ਕੰਮ ਕਰੇ।ਪ੍ਰਾਜੈਕਟ ਦੀ ਸੁਰੱਖਿਆ ਲਈ ਸੁਰੱਖਿਆ ਬਲ ਵੀ ਪੰਜਾਬ ਹਰਿਆਣੇ ਵਿੱਚੋਂ ਹੀ ਤਾਇਨਾਤ ਕੀਤੇ ਜਾਣ ਅਤੇ ਕੇਂਦਰੀ ਸਨਅਤੀ ਸੁਰੱਖਿਆ ਬਲਾਂ ਦੀ ਤਾਇਨਾਤੀ ਦਾ ਫੈਸਲਾ ਰੱਦ ਕੀਤਾ ਜਾਵੇ। 


ਬੁੱਕਣ ਸਿੰਘ ਸੈਦੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਪੰਜਾਬ ਹਰਿਆਣੇ ਦੇ ਲੋਕਾਂ ਨੂੰ  ਪ੍ਰਵਾਨ ਨਹੀਂ ਹਨ। ਕਿਉਂਕਿ ਇਨ੍ਹਾਂ ਹਦਾਇਤਾਂ ਅਨੁਸਾਰ ਭਾਖੜਾ ਡੈਮ ਪ੍ਰਾਜੈਕਟ ਦੇ ਮੁੱਖ ਹਿੱਸੇਦਾਰ ਪੰਜਾਬ ਹਰਿਆਣੇ ਨੂੰ ਇਸਦੇ ਮੁੱਖ ਸੰਚਾਲਕਾਂ ਵਜੋਂ ਲਾਂਭੇ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਪ੍ਰਾਜੈਕਟ ਨਾਲ ਉੱਕਾ ਹੀ ਕੋਈ ਲਾਗਾ-ਦੇਗਾ ਨਾ ਰੱਖਣ ਵਾਲੇ ਰਾਜਾਂ ਦੇ ਨੁਮਾਇੰਦੇ ਖਾਹਮਖਾਹ ਸ਼ਾਮਲ ਕਰਕੇ ਉਨ੍ਹਾਂ ਵਿੱਚੋਂ ਕਿਸੇ ਨੂੰ ਚੇਅਰਮੈਨ ਵਜੋਂ ਕਰਤਾ-ਧਰਤਾ ਥਾਪਣ ਦਾ ਰਾਹ ਪੱਧਰਾ ਕਰ ਲਿਆ ਗਿਆ ਹੈ। 


ਪ੍ਰਾਜੈਕਟ ਦੀ ਸੁਰੱਖਿਆ ਲਈ ਕੇਂਦਰੀ ਸਨਅਤੀ ਸੁਰੱਖਿਆ ਬਲ ਤਾਇਨਾਤ ਕਰਨ ਦਾ ਫ਼ੈਸਲਾ ਵੀ ਬਲ ਪ੍ਰਯੋਗ ਰਾਹੀਂ ਇਸ ਧੱਕੇਸ਼ਾਹੀ ਨੂੰ ਸਿਰੇ ਚਾੜ੍ਹਨ ਵੱਲ ਸਪਸ਼ਟ ਸੰਕੇਤ ਕਰਦਾ ਹੈ। ਅਜਿਹਾ ਅਮਲ ਚੰਡੀਗੜ੍ਹ ਦੇ ਬਿਜਲੀ ਵਿਭਾਗ ਵਾਂਗ ਹੀ ਇਸ ਪ੍ਰਾਜੈਕਟ ਨੂੰ ਵੀ ਕੇਂਦਰ ਸਰਕਾਰ ਵੱਲੋਂ ਥੋਪੀ ਜਾ ਰਹੀ ਨਿੱਜੀਕਰਨ ਦੀ ਨੀਤੀ ਤਹਿਤ ਕਿਸੇ ਨਿੱਜੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਖ਼ਦਸ਼ੇ ਉੱਤੇ ਹੀ ਮੋਹਰ ਲਾਉਂਦਾ ਹੈ। ਨਿਜੀਕਰਨ ਇਸ ਦੇ ਹਿੱਸੇਦਾਰ ਰਾਜਾਂ ਦੇ ਆਮ ਲੋਕਾਂ ਤੋਂ ਬਿਜਲੀ ਖੋਹਣ ਦਾ ਸਬੱਬ ਬਣੇਗਾ। 8 ਮਾਰਚ ਨੂੰ ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਔਰਤ ਕੌਮਾਂਤਰੀ ਦਿਵਸ ਜ਼ੋਰ ਨਾਲ ਮਨਾਇਆ ਜਾਵੇਗਾ।