ਬਠਿੰਡਾ: ਅੱਜ ਕਿਸਾਨਾਂ ਨੇ ਬਠਿੰਡਾ ਵਿੱਚ ਮੁੱਖ ਖੇਤੀਬਾੜੀ ਕੰਪਲੈਕਸ ਦੇ ਅੰਦਰ ਦਾਖਲ ਹੋ ਕੇ ਮੁੱਖ ਖੇਤੀਬਾੜੀ ਅਫ਼ਸਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਮੁੱਖ ਖੇਤੀਬਾੜੀ ਕੰਪਲੈਕਸ ਦਾ ਘਿਰਾਓ ਕਰਦਿਆਂ ਗੇਟ ਅੰਦਰ ਦਾਖਲ ਹੋ ਕੇ ਧਰਨਾ ਲਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪਾਵਰਕਾਮ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਕਿਸਾਨਾਂ ਨੂੰ ਕੇਵਲ ਇੱਕ ਘੰਟਾ ਬਿਜਲੀ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਨਰਮਾ ਤੇ ਸਬਜ਼ੀਆਂ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਪਰ ਮੁੱਖ ਖੇਤੀਬਾੜੀ ਅਫ਼ਸਰ ਹੁੰਦੇ ਹੋਏ ਵੀ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਦੋ ਘੰਟੇ ਦੇ ਕਰੀਬ ਖੇਤੀਬਾੜੀ ਕੰਪਲੈਕਸ ਦਾ ਗੇਟ ਮੱਲੀ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਮੁੱਖ ਖੇਤੀਬਾੜੀ ਅਫ਼ਸਰ ਦਾ ਪੁਤਲਾ ਵੀ ਫੂਕਿਆ। ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਵਿਭਾਗ ਵੱਲੋਂ ਕਲੈਰੀਕਲ ਗਲਤੀ ਹੋਈ ਹੈ ਜਿੱਥੇ ਚਾਰ ਦੀ ਜਗ੍ਹਾ ਇੱਕ ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਪਾਵਰ ਕੌਮ ਨੂੰ 4 ਘੰਟੇ ਹੀ ਬਿਜਲੀ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਹੋਣ ਨਾਤੇ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਅਜਿਹੇ 'ਚ ਇਕ ਘੰਟਾ ਬਿਜਲੀ ਦੇਣ ਦੀ ਸਿਫਾਰਸ਼ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।