ਬਠਿੰਡਾ: ਰਾਜਪੁਰਾ ਵਿੱਚ ਐਤਵਾਰ ਨੂੰ ਬੀਜੇਪੀ ਲੀਡਰਾਂ ਦੇ ਘਿਰਾਓ ਤੇ ਖਿੱਚ-ਧੂਹ ਮਗਰੋਂ ਅੱਜ ਬਠਿੰਡਾ ਵਿੱਚ ਕਿਸਾਨ ਤੇ ਬੀਜੇਪੀ ਲੀਡਰ ਆਹਮੋ-ਸਾਹਮਣੇ ਹੁੰਦੇ ਦਿਖਾਈ ਦਿੱਤੇ। ਬੀਜੇਪੀ ਲੀਡਰਾਂ ਵੱਲੋਂ ਅੱਜ ਐਸਐਸਪੀ ਦਫਤਰ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਰਾਜਪੁਰਾ ਵਿੱਚ ਬੀਜੇਪੀ ਲੀਡਰ ਉਪਰ ਹੋਏ ਹਮਲੇ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਕਿਸਾਨ ਯੂਨੀਅਨ ਉਗਰਾਹਾਂ ਨੇ ਐਸਐਸਪੀ ਦਫਤਰ ਦੇ ਗੇਟ ਬਾਹਰ ਧਰਨਾ ਲਾ ਕੇ ਘਿਰਾਓ ਕੀਤਾ।


ਬੀਜੇਪੀ ਬਠਿੰਡਾ ਪ੍ਰਧਾਨ ਵਿਨੋਦ ਬਿੰਟਾ ਨੇ ਕਿਹਾ ਕਿ ਅਸੀਂ ਅੱਜ ਮੰਗ ਪੱਤਰ ਜ਼ਰੀਏ ਗਵਰਨਰ ਕੋਲੋਂ ਮੰਗ ਕਰਦੇ ਹਾਂ ਕਿ ਸਾਡੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ। ਹਰ ਇੱਕ ਬੰਦੇ ਨੂੰ ਗੱਲ ਰੱਖਣ ਦਾ ਹੱਕ ਹੈ ਪਰ ਬੀਜੇਪੀ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹਟਾ ਕੇ ਗਵਰਨਰ ਰਾਜ ਲਾਗੂ ਕੀਤਾ ਜਾਵੇ।


ਉਧਰ, ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਮੋਠੋ ਸਿੰਘ ਕੋਟੜਾ ਨੇ ਦੱਸਿਆ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਇਸੇ ਤਰ੍ਹਾਂ ਘਰਾਓ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਵਾਲੇ ਕਹਿੰਦੇ ਹਨ ਕਿ ਰਾਜਪੁਰਾ ਵਿੱਚ ਲੀਡਰ ਨੂੰ ਥੱਪੜ ਮਾਰਿਆ। ਅਸੀਂ ਕਹਿਣਾ ਚਾਹੁੰਦੇ ਹਾਂ ਤੁਸੀਂ ਕੰਮ ਹੀ ਥੱਪੜ ਖਾਣ ਵਾਲੇ ਕਰਦੇ ਹੋ। ਜੇਕਰ ਤੁਸੀਂ ਗੋਲੀਆਂ, ਪਾਣੀ ਦੀਆਂ ਬੁਛਾੜਾਂ, ਡਾਂਗਾਂ ਮਾਰ ਸਕਦੇ ਹੋ ਤਾਂ ਅਸੀਂ ਥੱਪੜ ਵੀ ਨਹੀਂ। ਬੀਜੇਪੀ ਨੇ ਅੰਬਾਨੀ ਅਡਾਨੀ ਨੂੰ ਸਾਰਾ ਦੇਸ਼ ਵੇਚ ਦਿੱਤਾ ਹੈ।