Farmers Protest: ਪੰਜਾਬ ਸਰਕਾਰ ਨੇ ਕਿਸਾਨਾਂ ਦੀ ਖੜਕ ਗਈ ਹੈ। ਸ਼ਨੀਵਾਰ ਮੁਕੇਰੀਆਂ ਖੰਡ ਮਿੱਲ ਮੂਹਰੇ ਧਰਨੇ 'ਤੇ ਬੈਠੇ ਕਿਸਾਨਾਂ ਉਪਰ ਸਖਤੀ ਸਰਕਾਰ ਨੂੰ ਪੁੱਠੀ ਪੈ ਗਈ ਹੈ। ਗੰਨੇ ਦੇ ਭਾਅ ਵਿੱਚ ਵਾਧੇ ਲਈ ਗੰਨਾ ਕਾਸ਼ਤਕਾਰਾਂ ਵੱਲੋਂ ਕੌਮੀ ਮਾਰਗ ਉੱਤੇ ਮੁਕੇਰੀਆਂ ਖੰਡ ਮਿੱਲ ਮੂਹਰੇ ਲਗਾਇਆ ਧਰਨਾ ਅੱਜ ਵਿਸ਼ਾਲ ਰੂਪ ਧਾਰ ਗਿਆ। ਬੀਤੇ ਕੱਲ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਕੀਤੀ ਕਥਿਤ ਧੱਕੇਸ਼ਾਹੀ ਖਿਲਾਫ ਕਿਸਾਨਾਂ ਵਿੱਚ ਰੋਸ ਵਧ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇੱਕ ਕਿਸਾਨ ਆਗੂ ਦੀ ਪੱਗ ਉਤਾਰੇ ਜਾਣ ਦੀ ਵਾਈਰਲ ਵੀਡੀਓ ਨੂੰ ਵੀ ਕਿਸਾਨਾਂ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਅੱਜ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਾਮਲ ਹੋ ਕੇ ਤਕੜੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਅਗਲੀ ਵਿਉਂਤਬੰਦੀ ਲਈ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਧਰਨੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਗੁਪਤ ਮੀਟਿੰਗ ਕੀਤੀ ਜਾ ਰਹੀ ਹੈ। ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀ ਯੂਨੀਅਨ ਦੀ ਆਗੂ ਜਸਵਿੰਦਰ ਕੌਰ ਨੇ ਵੀ ਧਰਨੇ ਵਿੱਚ ਪੁੱਜ ਕੇ ਕਿਸਾਨ ਧਰਨੇ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ: Rajasthan Election Result: ਜਾਦੂਗਰ ਦਾ ਸ਼ੋਅ ਖ਼ਤਮ ! ਸੂਰਜ ਢਲਦੇ ਹੀ ਰਾਜਪਾਲ ਨੂੰ ਅਸਤੀਫ਼ਾ ਦੇਣਗੇ ਅਸ਼ੋਕ ਗਹਿਲੋਤ
ਦੱਸ ਦਈਏ ਕਿ ਮੁਕੇਰੀਆਂ ਖੰਡ ਮਿੱਲ ਮੂਹਰੇ ਧਰਨਾ ਦਿੰਦੇ ਕਿਸਾਨਾਂ ਨੂੰ ਸ਼ਨੀਵਾਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਇਸ ਖ਼ਿਲਾਫ਼ ਕਿਸਾਨਾਂ ਨੇ ਰੋਸ ਪ੍ਰਗਟਾਇਆ ਤੇ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਧਰਨਾ ਸਥਾਨ ’ਤੇ ਜੁੜਨੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਦੇਰ ਸ਼ਾਮ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਸੀ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਪ੍ਰਧਾਨ ਅਮਰਜੀਤ ਸਿੰਘ ਰੜਾ, ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਪੱਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਤੇ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸ਼ਾਮਲ ਸਨ।
ਦੱਸ ਦਈਏ ਕਿ ਸ਼ੁਕਰਵਾਰ ਰਾਤ ਡੀਸੀ ਕੋਮਲ ਮਿੱਤਲ ਤੇ ਐਸਐਸਪੀ ਸੁਰਿੰਦਰ ਲਾਂਬਾ ਨਾਲ ਹੋਈ ਗੱਲਬਾਤ ਉਪਰੰਤ ਸਹਿਮਤੀ ਹੋਣ ਕਾਰਨ ਕਿਸਾਨਾਂ ਨੇ ਰਾਤ ਵੇਲੇ ਆਵਾਜਾਈ ਬਹਾਲ ਕਰਨ ਲਈ ਆਪਣਾ ਧਰਨਾ ਇੱਕ ਲੇਨ ’ਤੇ ਸਮੇਟ ਕੇ ਇੱਕ ਲੇਨ ਖਾਲੀ ਕਰ ਦਿੱਤੀ ਸੀ। ਕਿਸਾਨਾਂ ਦਾ ਮੰਨਣਾ ਸੀ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਭਰੋਸੇ ਅਨੁਸਾਰ ਸ਼ਨੀਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀ ਗੰਨੇ ਦੇ ਭਾਅ ਸਬੰਧੀ ਕੋਈ ਉਸਾਰੂ ਹੁੰਗਾਰਾ ਭਰਨਗੇ ਪਰ ਜਦੋਂ ਅਧਿਕਾਰੀਆਂ ਨੇ ਹੁੰਗਾਰਾ ਨਾ ਭਰਿਆ ਤਾਂ ਕਿਸਾਨਾਂ ਨੇ ਕੌਮੀ ਮਾਰਗ ਦੀ ਦੂਜੀ ਲੇਨ ਵੀ ਜਾਮ ਕਰਨ ਦੀ ਤਿਆਰੀ ਕਰ ਲਈ। ਇਸ ਦੀ ਭਿਣਕ ਪੈਣ ’ਤੇ ਪੁਲਿਸ ਨੇ ਧਰਨਾਕਾਰੀਆਂ ਨੂੰ ਜਬਰੀ ਚੁੱਕ ਕੇ ਬੱਸਾਂ ਵਿੱਚ ਬਿਠਾ ਲਿਆ ਤੇ ਤਲਵਾੜਾ ਥਾਣੇ ਲੈ ਗਏ।