Punjab News: ਦੇਸ਼ ਵਿੱਚ ਚਾਰ ਸੂਬਿਆਂ ਦੀਆਂ ਚੋਣਾਂ ਦੀ ਗਿਣਤੀ ਜਾਰੀ ਹੈ ਜਿਨ੍ਹਾਂ ਵਿੱਚੋਂ 3 ਸੂਬਿਆਂ ਵਿੱਚ ਭਾਰਤੀ ਜਨਤਾ ਦੀ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈਅ ਹੈ ਜਦੋਂ ਕਿ ਇੱਕ ਸੂਬੇ ਵਿੱਚ ਕਾਂਗਰਸ ਲੀਡ ਕਰ ਰਹੀ ਹੈ। ਇਸ ਸਭ ਵਿਚਾਲੇ ਆਮ ਆਦਮੀ ਪਾਰਟੀ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੰਜ ਕਸਦਿਆਂ ਕਿਹਾ ਕਿ ਇਨ੍ਹਾਂ ਦਾ ਖਾਤਾ ਸਿਰਫ਼ ਤਿਹਾੜ ਜੇਲ੍ਹ ਵਿੱਚ ਹੀ ਖੁੱਲ੍ਹੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੀ ਤਿਆਰੀ ਕਰ ਰਹੀ ਸੀ। ਪੰਜਾਬ ਸਰਕਰ ਦਾ 500 ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਇਨ੍ਹਾਂ ਸੂਬਿਆਂ ਦੇ ਪ੍ਰਚਾਰ ਵਿੱਚ ਉਜਾੜ ਦਿੱਤਾ।
ਬਾਦਲ ਨੇ ਕਿਹਾ ਕਿ ਆਪ ਨੇ ਜਿਹੜਾ ਪੰਜਾਬ ਵਿੱਚ ਝੂਠ ਬੋਲਿਆ ਸੀ ਉਹੀ ਝੂਠ ਉਨ੍ਹਾਂ ਨੇ ਦੂਜਿਆਂ ਸੂਬਿਆਂ ਵਿੱਚ ਜਾ ਕੇ ਬੋਲਿਆ ਪਰ ਉੱਥੋਂ ਦੇ ਲੋਕਾਂ ਨੇ ਇਨ੍ਹਾਂ ਨੂੰ ਨਕਾਰ ਦਿੱਤਾ। ਆਪ ਜਿੱਥੇ ਵੀ ਪੰਜਾਬ ਤੋਂ ਬਾਹਰ ਗਈ ਹੈ ਉੱਥੇ ਲੋਕਾਂ ਨੇ ਉਨ੍ਹਾਂ ਨੂੰ ਸਿਰਫ਼ ਨਕਾਰਿਆ ਹੈ। ਜਿਹੜਾ ਧੋਖਾ ਪੰਜਾਬ ਦੇ ਲੋਕਾਂ ਨਾਲ ਕੀਤਾ ਹੁਣ ਪੂਰੇ ਦੇਸ਼ ਵਿੱਚ ਪਤਾ ਲੱਗ ਗਿਆ ਹੈ।
ਆਮ ਆਦਮੀ ਪਾਰਟੀ ਦਾ ਖਾਤਾ ਨਾ ਖੁੱਲ੍ਹਣ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਇਨ੍ਹਾਂ ਦਾ ਖਾਤਾ ਖੁੱਲ੍ਹੇਗਾ ਤਾਂ ਉਹ ਸਿਰਫ਼ ਤਿਹਾੜ ਜੇਲ੍ਹ ਵਿੱਚ ਖੁਲ੍ਹੇਗਾ, ਇਹ ਹੌਲੀ ਹੌਲੀ ਸਾਰੇ ਅੰਦਰ ਜਾਣਗੇ ਕਿਉਂਕਿ ਇਨ੍ਹਾਂ ਦਾ ਇੱਕੋ ਇੱਕ ਕੰਮ ਲੁੱਟਣਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਆਪਾਂ ਦੂਜੇ ਸੂਬਿਆਂ ਤੋਂ ਸਿੱਖੀਏ ਕਿਉਂਕਿ ਜਿਹੜਾ ਪ੍ਰਚਾਰ ਇਨ੍ਹਾਂ ਨੇ ਪੰਜਾਬ ਵਿੱਚ ਕੀਤਾ ਸੀ ਉਹੀ ਪ੍ਰਚਾਰ ਦੂਜੇ ਸੂਬਿਆਂ ਵਿੱਚ ਕੀਤਾ ਹੈ ਪਰ ਉੱਥੋਂ ਦੇ ਲੋਕਾਂ ਨੇ ਇਨ੍ਹਾਂ ਉੱਤੇ ਵਿਸ਼ਵਾਸ਼ ਨਹੀਂ ਕੀਤਾ ਹੈ। ਜੇ ਵੀ ਉਹ ਵੀ ਇਹ ਗ਼ਲਤੀ ਕਰ ਲੈਂਦਾ ਤਾਂ ਉਨ੍ਹਾਂ ਨਾਲ ਪੰਜਾਬ ਆਲੀ ਹੋਣੀ ਸੀ।
ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ ਤਿੰਨਾਂ ਰਾਜਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਪਾਰਟੀ ਨੇ ਰੁਝਾਨਾਂ ਵਿੱਚ ਕਾਂਗਰਸ ਨੂੰ ਪਿੱਛੇ ਛੱਡਦੇ ਹੋਏ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਮਗਰੋਂ ਬੀਜੇਪੀ ਵਰਕਰਾਂ ਤੇ ਲੀਡਰਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ।