Jalandhar News: ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉੱਪਰ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਉਦਘਾਟਨੀ ਪੱਥਰਾਂ ਉਪਰੋਂ ਪੰਜਾਬ ਦੇ ਮੰਤਰੀਆਂ ਦਾ ਨਾਂ ਹਟਾ ਕੇ ਦਿੱਲੀ ਦੇ ਮੁੱਖ ਮੰਤਰੀ ਦਾ ਨਾਮ ਲਿਖਿਆ ਜਾ ਰਿਹਾ ਹੈ। ਇਹ ਸੰਵਿਧਾਨ ਤੇ ਸੰਘੀ ਢਾਂਚੇ ਦਾ ਅਪਮਾਣ ਹੈ। ਉਨ੍ਹਾਂ ਨੇ ਪੰਜਾਬ ਦੇ ਮੰਤਰੀਆਂ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਹ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ।


ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ...



ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਘੀ ਢਾਂਚੇ ਦਾ ਲਗਾਤਾਰ ਅਪਮਾਨ ਕਰ ਰਹੀ ਹੈ। ਪੰਜਾਬ ਸਰਕਾਰ ਦੇ ਉਦਘਾਟਨੀ ਪੱਥਰਾਂ ਤੇ ਪੰਜਾਬ ਦੇ ਮੰਤਰੀਆਂ ਦਾ ਨਾਮ ਹਟਾ ਦਿੱਲੀ ਦੇ ਮੁੱਖ ਮੰਤਰੀ ਦਾ ਨਾਮ ਲਿਖਣਾ ਸੰਵਿਧਾਨ ਦੀ ਉਲੰਘਣਾ ਹੈ। 


ਭਗਵੰਤ ਮਾਨ ਆਪਣੇ ਮੰਤਰੀਆਂ ਦਾ ਅਪਮਾਨ ਇਸ ਹੱਦ ਤੱਕ ਕਰ ਰਿਹਾ ਹੈ, ਉਨ੍ਹਾਂ ਨੂੰ ਫੋਟੋ ਵਿੱਚ ਵੀ ਜਗ੍ਹਾ ਨਹੀਂ ਦਿੱਤੀ ਜਾਂਦੀ। ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਫੇਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਆਪਣੇ ਸੰਵਿਧਾਨਿਕ ਹੱਕ ਤੇ ਕੇਜਰੀਵਾਲ ਦੇ ਡਰ ਤੋਂ ਚੁੱਪ ਹਨ?


 







ਦੱਸ ਦਈਏ ਕਿ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 1854 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਤੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖੇ। ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਸਰਹੱਦੀ ਜ਼ਿਲ੍ਹਿਆਂ ਲਈ ਨਵੇਂ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। 


ਦੋਵਾਂ ਮੁੱਖ ਮੰਤਰੀ ਨੇ ਲੋਕਾਂ ਨੂੰ 402 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ ਕੋ-ਜਨਰੇਸ਼ਨ ਪਲਾਂਟ ਨਾਲ ਨਵੀਂ ਖੰਡ ਮਿੱਲ ਤੇ 296 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਕੋ-ਜਨਰੇਸ਼ਨ ਨਾਲ ਨਵੀਂ ਖੰਡ ਮਿੱਲ ਦਾ ਤੋਹਫਾ ਦਿੱਤਾ। ਇਹ ਪ੍ਰਾਜੈਕਟ ਜਨਵਰੀ, 2024 ਨੂੰ ਕਾਰਜਸ਼ੀਲ ਹੋਣਗੇ ਜੋ ਗੰਨਾ ਉਤਪਾਦਕਾਂ ਲਈ ਵਰਦਾਨ ਸਾਬਤ ਹੋਣਗੇ। 


ਉਨ੍ਹਾਂ ਨੇ ਵਡਾਲਾ ਗ੍ਰੰਥੀਆਂ ਵਿਖੇ 360.83 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 400 ਕੇ.ਵੀ. ਪਾਵਰ ਪ੍ਰਾਜੈਕਟ ਤੇ ਪੀ.ਐਸ.ਪੀ.ਸੀ.ਐਲ. ਦੀ ਆਰ.ਡੀ.ਐਸ.ਐਸ. ਸਕੀਮ ਤਹਿਤ ਗੁਰਦਾਸਪੁਰ ਵਿਖੇ 129.54 ਕਰੋੜ ਰੁਪਏ ਅਤੇ ਪਠਾਨਕੋਟ ਵਿਖੇ 93.24 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।