Farmers Protest: ਹਰਿਆਣਾ-ਪੰਜਾਬ ਦੀ ਸਰਹੱਦ ਖਨੌਰੀ ਵਿਖੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ 'ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਉੱਥੇ ਹੀ ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਜੀਂਦ 'ਚ ਹਾਈ ਅਲਰਟ ਕਰ ਦਿੱਤਾ ਹੈ। ਬੀਐਨਐਸ ਦੀ ਧਾਰਾ 163 (ਪਹਿਲਾਂ IPC ਦੀ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕਰ ਦਿੱਤੀ ਗਈ ਹੈ।

Continues below advertisement


ਸਰਹੱਦ 'ਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇੱਥੇ 21 DSP ਵੀ ਡਿਊਟੀ 'ਤੇ ਹੋਣਗੇ। ਹਰਿਆਣਾ ਪੁਲਿਸ ਨੇ ਨਰਵਾਣਾ ਤੋਂ ਗੜ੍ਹੀ ਹੋ ਕੇ ਪੰਜਾਬ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਹੈ।


ਅੱਜ ਖਨੌਰੀ ਬਾਰਡਰ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਸਟੇਜ ’ਤੇ ਡੱਲੇਵਾਲ ਵੀ ਆਉਣਗੇ। ਸੁਪਰੀਮ ਕੋਰਟ ਵਿੱਚ ਡੱਲੇਵਾਲ ਦੇ ਮਰਨ ਵਰਤ ਬਾਰੇ 6 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ। ਖਨੌਰੀ ਬਾਰਡਰ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਦੂਸਰੇ ਸੂਬਿਆਂ ਤੋਂ ਵੀ ਕਿਸਾਨ ਆਗੂ ਪੁੱਜ ਗਏ ਹਨ।



ਐੱਸਕੇਐੱਮ (ਗੈਰ ਸਿਆਸੀ) ਦੇ ਆਗੂਆਂ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਧੁੰਦ ਅਤੇ ਠੰਡਾ ਮੌਸਮ ਹੋਣ ਕਰ ਕੇ ਕਿਸਾਨਾਂ ਲਈ ਇਹ ਪ੍ਰੀਖਿਆ ਵੀ ਹੈ। ਕਿਸਾਨਾਂ ਦੇ ਖੇਤੀ ਰੁਝੇਵੇਂ ਵੀ ਇਨ੍ਹਾਂ ਦਿਨਾਂ ਵਿੱਚ ਘੱਟ ਹੁੰਦੇ ਹਨ, ਜਿਸ ਕਰ ਕੇ ਦੋਵੇਂ ਸੂਬਿਆਂ ਦੇ ਕਿਸਾਨਾਂ ਦੇ ਇਨ੍ਹਾਂ ਇਕੱਠਾਂ ਵਿੱਚ ਪੁੱਜਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿਸਾਨਾਂ ਨੂੰ ਗੱਲਬਾਤ ਦਾ ਹਾਲੇ ਤੱਕ ਕੋਈ ਸੱਦਾ ਪੱਤਰ ਨਹੀਂ ਭੇਜਿਆ ਹੈ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਭਲਕੇ ਦੋ ਸੂਬਿਆਂ ਵਿੱਚ ਹੋਣ ਵਾਲੀਆਂ ਕਿਸਾਨ ਮਹਾਪੰਚਾਇਤਾਂ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਦੇਖਣਾ ਚਾਹੁੰਦੀ ਹੈ।


ਮਹਾਪੰਚਾਇਤ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦੀਆਂ ਕੋਸ਼ਿਸ਼ਾਂ 'ਤੇ ਵੀ ਪੁਲਿਸ ਨਜ਼ਰ ਰੱਖ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠੇ 40 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਦਿਨ-ਬ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ। ਇੱਥੇ ਤੱਕ ਉਨ੍ਹਾਂ ਦੇ ਸਰੀਰ ਦਾ ਮਾਸ ਵੀ ਖਤਮ ਹੁੰਦਾ ਜਾ ਰਿਹਾ ਹੈ ਅਤੇ ਬਲੱਡ ਪ੍ਰੈਸ਼ਰ ਰੋਜ਼ ਘੱਟਦਾ ਜਾ ਰਿਹਾ ਹੈ।