Farmers Protest: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਸਾਨਾਂ ਉਪਰ ਸਖਤ ਐਕਸ਼ਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਤਿੱਖਾ ਹਮਲਾ ਬੋਲਿਆ ਹੈ।  ਬਲਕੌਰ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਨੇ ਵਾਪਰੀ ਵਰਗ ਨੂੰ ਵੀ ਚੌਕਸ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਚਾਲ ਵਿੱਚ ਨਾ ਫਸੇ।



ਬਲਕੌਰ ਸਿੰਘ ਨੇ ਆਪਣੇ ਫੇਸਬੁੱਖ ਪੇਜ ਉਪਰ ਲਿਖਿਆ...ਬਤੌਰ ਪੰਜਾਬੀ, ਸਾਡੇ ਕੋਲ ਸਭ ਤੋਂ ਕੀਮਤੀ ਚੀਜ਼ ਸਾਡਾ ਭਾਈਚਾਰਾ ਹੈ। ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਬਾਰਡਰ ਬੰਦ ਕਰਨਾ, ਸਾਡੇ ਕਿਸਾਨਾਂ 'ਤੇ ਗੋਲੀਆਂ ਚਲਾਉਣਾ-ਇਹ ਤਾਂ ਵੱਡੀ ਸਾਜ਼ਿਸ਼ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਜਪਾ ਖਿਲਾਫ਼ ਕਾਰਵਾਈ ਕਰਨ ਦੀ ਬਜਾਏ, ਸਾਡੇ ਆਪਣੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ।



ਉਨ੍ਹਾਂ ਨੇ ਅੱਗੇ ਲਿਖਿਆ ਕਿ ਕਿਸਾਨ-ਵਪਾਰੀ ਵਿੱਚ ਨਫ਼ਰਤ ਪੈਦਾ ਕਰਕੇ ਵੋਟਾਂ ਲੈਣ ਦੀ ਗੰਦੀ ਸਿਆਸਤ ਚੱਲ ਰਹੀ ਹੈ। ਆਪ-ਭਾਜਪਾ ਦੀ ਇਸ ਚਾਲ ਵਿੱਚ ਵਪਾਰੀ ਭਾਈਚਾਰਾ ਨਾ ਫਸੇ। ਜੇ ਕਿਸੇ ਸਰਕਾਰ ਵਿੱਚ ਸਭ ਤੋਂ ਵੱਧ ਵਪਾਰੀਆਂ ਦਾ ਨੁਕਸਾਨ ਹੋਇਆ, ਤਾਂ ਉਹ ਇਹ ਸਰਕਾਰ ਹੈ। 'ਗੈਂਗਸਟਰ ਟੈਕਸ' ਦੇ ਰੂਪ ਵਿੱਚ ਹਰ ਵਪਾਰੀ ਨੇ ਜੋ ਭੁਗਤਿਆ, ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਆਉਣ ਵਾਲੇ ਭਵਿੱਖ ਲਈ, ਅਸੀਂ ਆਪਣਾ ਭਾਈਚਾਰਾ ਇਨ੍ਹਾਂ ਸਰਕਾਰਾਂ ਦੀ ਗੰਦੀ ਰਾਜਨੀਤੀ ਵਿੱਚ ਨਾ ਖਰਾਬ ਕਰੀਏ।






 




ਉਧਰ, ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਭਗਵੰਤ ਮਾਨ ਨੂੰ ਘੇਰਿਆ ਹੈ। ਕਾਂਗਰਸ ਨੇ ਕਿਸਾਨ ਮੋਰਚੇ ਉਖਾੜਨ ਤੇ ਕਿਸਾਨਾਂ ਉਪਰ ਲਾਠੀਚਾਰਜ ਦਾ ਅਲੋਚਨਾ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਮੀਟਿੰਗ ਲਈ ਬੁਲਾ ਕੇ ਧੋਖੇ ਨਾਲ ਉਨ੍ਹਾਂ ਦੇ ਮੋਰਚੇ ਉਖਾੜ ਦਿੱਤੇ। ਇਸ ਮਗਰੋਂ ਕਾਂਗਰਸ ਨੇ ਰਾਜਪਾਲ ਦੇ ਭਾਸ਼ਨ ਦਾ ਬਾਈਕਾਟ ਕਰ ਦਿੱਤਾ।