ਅੰਮ੍ਰਿਤਸਰ: ਜੰਡਿਆਲਾ ਗੁਰੂ ਨੇੜੇ ਰੇਲਵੇ ਪਟੜੀ ’ਤੇ ਧਰਨਾ ਦੇ ਰਹੇ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਦੂਜੇ ਦਿਨ ਹੋਰ ਤੇਜ਼ ਹੋ ਗਿਆ ਹੈ। ਧਰਨੇ ਕਾਰਨ ਇਸ ਰੂਟ ਤੋਂ ਜਾਣ ਵਾਲੀਆਂ 22 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 24 ਦਾ ਰਾਹ ਬਦਲ ਦਿੱਤਾ ਗਿਆ ਹੈ। ਨੌਂ ਰੇਲਾਂ ਜੰਡਿਆਲਾ ਤੋਂ ਪਹਿਲਾਂ ਬਿਆਸ ਸਟੇਸ਼ਨ ’ਤੇ ਹੀ ਰੋਕ ਲਈਆਂ ਗਈਆਂ।
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਰੱਖੀ ਸੀ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਗੱਲਬਾਤ ਦੀ ਮੰਗ ਠੁਕਰਾਉਂਦਿਆਂ ਕਿਹਾ ਕਿ ਮੰਗਾਂ ਮੰਨੀਆਂ ਜਾਣ ’ਤੇ ਹੀ ਉਹ ਟਰੈਕ ਖਾਲੀ ਕਰਨਗੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ 28 ਫਰਵਰੀ ਨੂੰ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਸੀ ਪਰ ਐਨ ਮੌਕੇ ’ਤੇ ਉਨ੍ਹਾਂ ਇਹ ਮੀਟਿੰਗ ਰੱਦ ਕਰ ਦਿੱਤੀ। ਇਸ ਤੋਂ ਬਾਅਦ 5 ਮਾਰਚ, ਯਾਨੀ ਅੱਜ ਦੇ ਦਿਨ ਮੀਟਿੰਗ ਰੱਖੀ ਸੀ ਪਰ ਹੁਣ ਕਿਸਾਨ ਆਗੂ ਮੀਟਿੰਗ ਵਿੱਚ ਜਾਣ ਤੋਂ ਮੁੱਕਰ ਗਏ ਹਨ।
ਕਿਸਾਨਾਂ ਦੇ ਧਰਨੇ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਤੋਂ ਵਾਇਆ ਬਿਆਸ ਜਾਣ ਵਾਲੀ ਰੇਲਵੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਕਰਕੇ ਵੱਡੀ ਗਿਣਤੀ ਮੁਸਾਫ਼ਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਕਈ ਰੇਲਾਂ ਦਾ ਰਾਹ ਬਦਲ ਦਿੱਤਾ ਗਿਆ ਹੈ। ਰੇਲਾਂ ਨੂੰ ਵਾਇਆ ਤਰਨ ਤਾਰਨ ਬਦਲਿਆ ਗਿਆ ਹੈ ਤੇ ਕੁਝ ਨੂੰ ਰੱਦ ਕੀਤਾ ਗਿਆ ਹੈ।
ਇਸ ਸਭ ਦੇ ਵਿੱਚ ਸਰਕਾਰ ਵੀ ਧਰਨਾ ਖੁੱਲ੍ਹਵਾਉਣ ਲਈ ਯਤਨਸ਼ੀਲ ਨਹੀਂ ਵਿਖਾਈ ਦੇ ਰਹੀ। ਬੀਤੀ ਰਾਤ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਗੱਲ ਸੁਣਨ ਲਈ ਨਹੀਂ ਬਹੁੜਿਆ। ਹਾਲਾਂਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਤ ਕਰੀਬ 10 ਵਜੇ ਕਿਸਾਨਾਂ ਨਾਲ ਗੱਲਬਾਤ ਕਰਨ ਆਏ ਪਰ ਜਲਦੀ ਚਲੇ ਗਏ। ਉਸ ਤੋਂ ਬਾਅਦ ਕਿਸਾਨ ਧਰਨੇ ’ਤੇ ਡਟੇ ਹੋਏ ਹਨ। ਸਰਕਾਰ ਵੱਲੋਂ ਕੋਈ ਅਧਿਕਾਰੀ ਨਹੀਂ ਪਹੁੰਚਿਆ।