ਚੰਡੀਗੜ੍ਹ: ਅੰਦੋਲਨਕਾਰੀ ਕਿਸਾਨਾਂ ਦੇ ਵੱਡੇ ਕਾਫਲੇ ਨੇ ਚੰਡੀਗੜ੍ਹ ਵਿੱਚ ਦਾਖਲ ਹੋ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਮ ਮੰਗ ਪੱਤਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਸੌਂਪਿਆ।ਅੱਜ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਦੌਰਾਨ ਕਿਸਾਨਾਂ ਨੇ ਮੁਹਾਲੀ ਦੇ ਰਸਤੇ ਚੰਡੀਗੜ੍ਹ ਵਿੱਚ ਜਬਰੀ ਐਂਟਰੀ ਮਾਰੀ ਅਤੇ ਪੁਲਿਸ ਦੇ ਤਮਾਮ ਬੈਰੀਕੇਡ ਤੋੜ ਦਿੱਤੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਵੀ ਇਸਤਮਾਲ ਕੀਤਾ।
ਡਿਪਟੀ ਕਮਿਸ਼ਨਰ ਕਿਸਾਨ ਆਗੂਆਂ ਦਾ ਮੰਗ ਪੱਤਰ ਰਾਜਪਾਲ ਨੂੰ ਦੇਣ ਲਈ ਰਵਾਨਾ ਹੋ ਗਏ। ਇਸ ਦੌਰਾਨ ਚੰਡੀਗੜ੍ਹ ਦੇ ਡੀਸੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਕਿਸਾਨ ਵੀ ਸ਼ਾਂਤਮਈ ਮੁੜਨੇ ਸ਼ੁਰੂ ਹੋ ਗਏ।ਕਿਸਾਨ ਇਸ ਮਗਰੋਂ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਆ ਰਹੇ ਹਨ ਅਤੇ ਇੱਥੇ ਉਹ ਸਾਰੇ ਲੰਗਰ ਛੱਕ ਕੇ ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ।
ਕਿਸਾਨਾਂ ਨੇ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਹੋਏ ਪੁਲਿਸ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖਲਾ ਲਿਆ ਸੀ।ਪੁਲਿਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਨੇ ਰਾਜ ਭਵਨ ਵੱਲ ਕੂਚ ਜਾਰੀ ਰੱਖੀ।ਕਿਸਾਨਾਂ ਦਾ ਕਾਫਲਾ ਸੈਕਟਰ 17 ਤੱਕ ਪਹੁੰਚ ਗਿਆ ਸੀ ਅਤੇ ਬਾਅਦ ਵਿੱਚ ਕਿਸਾਨ ਸੈਕਟਰ 17-9 ਦੀਆਂ ਲਾਈਟਾਂ ਤੇ ਰੁੱਕ ਗਏ। ਚੰਡੀਗੜ੍ਹ ਅਤੇ ਹਰਿਆਣਾ ਪੁਲਿਸ ਨੇ ਰਾਜ ਭਵਨ ਦੇ ਨੇੜੇ ਸਾਰੀਆਂ ਸੜਕਾਂ ਨੂੰ ਬੈਰੀਕੇਡ ਲਾ ਬੰਦ ਕੀਤਾ ਹੋਇਆ ਸੀ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਮੁਹਾਲੀ ਦੇ ਵਾਈਪੀਐੱਸ ਚੌਕ ਤੋਂ ਅਗਲੇ ਲੱਗੇ ਪਹਿਲੇ ਪੁਲੀਸ ਬੈਰੀਕੇਡ ਨੂੰ ਤੋੜ ਕੇ ਚੰਡੀਗੜ੍ਹ ਵੱਲ ਵਧਣਾ ਸ਼ੁਰੂ ਕੀਤਾ ਸੀ। ਮੁਹਾਲੀ ਵਿੱਚ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਗੁਰਦੁਆਰਾ ਅੰਬ ਸਾਹਿਬ ਦੇ ਮੈਦਾਨ ਵਿੱਚ ਇਕੱਤਰ ਹੋਏ। ਰਾਜ ਭਵਨ ਵੱਲ ਕਿਸਾਨਾਂ ਦੇ ਮਾਰਚ ਕਾਰਨ ਚੰਡੀਗੜ੍ਹ ਪੁਲੀਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਸਨ।
ਚੰਡੀਗੜ੍ਹ ਕੂਚ ਕਰਨ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ, ਰੂਦਲੂ ਮਾਨਸਾ, ਬਲਦੇਵ ਸਿੰਘ ਸਿਰਸਾ ਨੇ ਸੰਬੋਧਨ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ