ਚੰਡੀਗੜ੍ਹ: ਪੰਜਾਬ ਵਿੱਚ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨਾ ਚਲਾਏ ਜਾਣ ਤੋਂ ਬੇਹੱਦ ਖਫਾ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਲਈ ਲਾਂਘਾ ਦੇਣ ਦੇ ਬਾਵਜੂਦ ਮੋਦੀ ਸਰਕਾਰ ਨੇ ਰੇਲ ਆਵਾਜਾਈ ਰੋਕੀ ਹੋਈ ਹੈ। ਸਰਕਾਰ ਅਜਿਹਾ ਕਰਕੇ ਪੰਜਾਬ ਨੂੰ ਸਬਕ ਸਿਖਾਉਣ ਦੇ ਰਾਹ ਪਈ ਹੋਈ ਹੈ ਪਰ ਪੰਜਾਬੀ ਇਸ ਦਾ ਠੋਕਵਾਂ ਜਵਾਬ ਦੇਣਗੇ।


ਕਿਸਾਨ ਜਥੇਬੰਦੀਆਂ ਨੇ ਕੇਂਦਰ ’ਤੇ ‘ਅੜੀਅਲ ਰਵੱਈਆ’ ਅਪਨਾਉਣ ਦਾ ਦੋਸ਼ ਲਾਇਆ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ 'ਤੇ ਪੰਜਾਬ ਦੇ ਆਰਥਿਕ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਬਣਾਏ ਗਏ ਤਿੰਨੇ ਖੇਤੀਬਾੜੀ ਕਾਨੂੰਨ ਸਹੀ ਨਹੀਂ। ਇਸ ਦੇ ਬਾਵਜੂਦ ਮੋਦੀ ਸਰਕਾਰ ਧੱਕੇ ਨਾਲ ਇਨ੍ਹਾਂ ਨੂੰ ਕਿਸਾਨਾਂ ਉਪਰ ਥੋਪਣਾ ਚਾਹੁੰਦੀ ਹੈ।


ਉਧਰ, ਰੇਲਵੇ ਵਿਭਾਗ ਨੇ ਸ਼ਨੀਵਾਰ ਨੂੰ ਪੰਜਾਬ ਵਿੱਚ ਮਾਲ ਗੱਡੀਆਂ ਦੇ ਕੰਮਕਾਜ ਨੂੰ ਸ਼ੁਰੂ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਮਾਲ ਗੱਡੀਆਂ ਤੇ ਯਾਤਰੀ ਰੇਲ ਗੱਡੀਆਂ ਦਾ ਕੰਮ ਇੱਕੋ ਸਮੇਂ ਹੀ ਸ਼ੁਰੂ ਕਰਨਗੀਆਂ। ਕਿਸਾਨਾਂ ਨੇ ਅਜੇ ਸਿਰਫ ਮਾਲ ਗੱਡੀਆਂ ਨੂੰ ਆਉਣ-ਜਾਣ ਦੀ ਇਜਾਜ਼ਤ ਦਿੱਤੀ ਹੈ। ਇਸ ਲਈ ਸਪਸ਼ਟ ਹੈ ਕਿ ਪੰਜਾਬ ਵਿੱਚ ਅਜੇ ਰੇਲਾਂ ਨਹੀਂ ਚੱਲ਼ਣਗੀਆਂ।


ਦੱਸ ਦਈਏ ਕਿ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ “ਰੇਲ ਰੋਕੋ” ਅੰਦੋਲਨ ਤਹਿਤ 24 ਸਤੰਬਰ ਤੋਂ ਪੰਜਾਬ ਵਿੱਚ ਰੇਲ ਸੇਵਾਵਾਂ ਠੱਪ ਹਨ। ਇਸ ਤੋਂ ਪਹਿਲਾਂ 21 ਅਕਤੂਬਰ ਨੂੰ, ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਮਾਲ ਗੱਡੀਆਂ ਨੂੰ ਰੇਲ ਰੋਕੋ ਅੰਦੋਲਨ ਤੋਂ ਬਾਹਰ ਰੱਖਿਆ ਜਾਵੇਗਾ। ਇਸ ਤੋਂ ਬਾਅਦ ਰੇਲਵੇ ਨੇ ਕੁਝ ਸਮੇਂ ਲਈ ਪੰਜਾਬ ਵਿੱਚ ਮਾਲ ਗੱਡੀਆਂ ਦਾ ਸੰਚਾਲਨ ਸ਼ੁਰੂ ਰੱਖਿਆ ਪਰ ਬਾਅਦ ਵਿੱਚ ਇਹ ਕਹਿ ਕੇ ਇਸ ਨੂੰ ਰੋਕ ਦਿੱਤਾ ਕਿ ਕਿਸਾਨਾਂ ਨੇ ਅਜੇ ਰੇਲਵੇ ਟਰੈਕ ਖਾਲੀ ਨਹੀਂ ਕੀਤੇ ਹਨ।


ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ, "ਅਸੀਂ ਪੰਜਾਬ ਵਿੱਚ ਮਾਲ ਗੱਡੀਆਂ ਦਾ ਸੰਚਾਲਨ ਸ਼ੁਰੂ ਨਾ ਕਰਨ ਲਈ ਰੇਲਵੇ ਤੇ ਕੇਂਦਰ ਦੇ ਇਸ ਅੜੀਅਲ ਵਤੀਰੇ ਦੀ ਸਖਤ ਨਿਖੇਧੀ ਕਰਦੇ ਹਾਂ।" ਪੰਜਾਬ ਵਿੱਚ ਖੇਤੀਬਾੜੀ ਕਨੂੰਨਾਂ ਦਾ ਵਿਰੋਧ ਕਰਨ ਵਾਲੀਆਂ 30 ਖੇਤੀਬਾੜੀ ਸੰਗਠਨਾਂ ਨੇ ਕਿਹਾ ਹੈ ਕਿ ਉਹ ਯਾਤਰੀ ਗੱਡੀਆਂ ਨੂੰ ਸ਼ੁਰੂ ਨਹੀਂ ਹੋਣ ਦੇਣਗੇ।


ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਨੇ ਕਿਹਾ, "ਕਿਸਾਨ ਜਥੇਬੰਦੀਆਂ ਪਹਿਲਾਂ ਹੀ ਕਹਿ ਚੁੱਕੀਆਂ ਹਨ ਕਿ ਉਹ ਸਿਰਫ ਮਾਲ ਗੱਡੀਆਂ ਦੇ ਸੰਚਾਲਨ ਦੀ ਇਜ਼ਾਜ਼ਤ ਦੇਣਗੇ, ਨਾ ਕਿ ਯਾਤਰੀ ਗੱਡੀਆਂ ਦੀ। ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।''


ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਸੀ, "ਮਾਲ ਗੱਡੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਲਈ ਪੰਜਾਬ ਵਿੱਚ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਗਏ ਹਨ।" ਮਾਲ ਗੱਡੀਆਂ ਦੇ ਸੰਚਾਲਨ ਨੂੰ ਬੰਦ ਕਰਨ ਕਰਕੇ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਸਪਲਾਈ ਪ੍ਰਭਾਵਤ ਹੋ ਗਈ ਹੈ। ਇਸ ਨਾਲ ਹਾੜੀ ਦੀ ਫਸਲ ਲਈ ਖਾਦ ਦੀ ਸਪਲਾਈ ਤੇ ਵੀ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ। ਇਸ ਤੋਂ ਇਲਾਵਾ ਇਸ ਨੇ ਖੇਤੀਬਾੜੀ, ਉਦਯੋਗ ਤੇ ਰੋਜ਼ਾਨਾ ਜੀਵਨ ਨੂੰ ਵੀ ਪ੍ਰਭਾਵਤ ਕੀਤਾ ਹੈ।


ਹੁਣ ਈਡੀ ਦੀ ਰਾਡਾਰ 'ਤੇ ਕੈਪਟਨ ਦੇ 26 ਵਿਧਾਇਕ, ਜਲਦ ਹੋਏਗੀ ਵੱਡੀ ਕਾਰਵਾਈ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ