ਚੰਡੀਗੜ੍ਹ: ਕਿਸਾਨਾਂ ਨੇ ਸ਼ਨੀਵਾਰ ਨੂੰ ਰੇਲਵੇ ਟ੍ਰੈਕ ਅਤੇ ਪਲੇਟਫਾਰਮ ਵਹਿਲੇ ਕਰ ਦਿੱਤੇ ਹਨ।ਬਾਵਜੂਦ ਇਸਦੇ ਰੇਲਵੇ ਟ੍ਰੇਨਾਂ ਚਾਲੂ ਕਰਨ ਲਈ ਰਾਜ਼ੀ ਨਹੀਂ।ਕਿਸਾਨ ਨੇ ਸਿਰਫ ਮਾਲ ਗੱਡੀਆਂ ਨੂੰ ਇਜਾਜ਼ਤ ਦਿੱਤੀ ਹੈ।ਪਰ ਰੇਲਵੇ ਮਾਲ ਅਤੇ ਯਾਤਰੀ ਦੋਵੇਂ ਰੇਲਾਂ ਚਲਾਉਣਾ ਚਾਹੁੰਦਾ ਹੈ।ਸ਼ਨੀਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee)ਪੰਜਾਬ ਨੇ ਰੇਲ ਰੋਕੋ ਅੰਦੋਲਨ ਦੇ 45ਵੇਂ ਦਿਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਧਰਨਾ ਨੇੜਲੇ ਮੈਦਾਨ ਵਿੱਚ ਤਬਦੀਲ ਕਰ ਲਿਆ ਹੈ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਕੋਈ ਬਹਾਨਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨਾਂ ਕਰਕੇ ਮਾਲ ਗੱਡੀਆਂ ਨਹੀਂ ਚੱਲ ਸਕਦੀਆਂ।
ਕਿਸਾਨਾਂ ਨੇ 24 ਸਤੰਬਰ ਤੋਂ ਪਿੰਡ ਦੇਵੀਦਾਸਪੁਰਾ ਵਿਖੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ, ਜੋ 33 ਦਿਨ ਦੇਵੀਦਾਸਪੁਰਾ ਵਿਖੇ ਜਾਰੀ ਰਿਹਾ ਅਤੇ ਇਸ ਤੋਂ ਬਾਅਦ ਕਿਸਾਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਧਰਨੇ 'ਤੇ ਬੈਠ ਗਏ ਜੋ ਹਾਲੇ ਤਕ ਜਾਰੀ ਹੈ।ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਖ਼ਤਮ ਨਹੀਂ ਹੋਇਆ ਸਗੋਂ ਇਹ ਸਟੇਸ਼ਨਾਂ ਦੇ ਨੇੜਲੇ ਮੈਦਾਨਾਂ ਤੋਂ ਜਾਰੀ ਰਹੇਗਾ।
ਪਰ ਰੇਲਵੇ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ ਪੰਜਾਬ 'ਚ ਰੇਲਾਂ ਚਲਾਉਣ ਦਾ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਸੁਰੱਖਿਆ ਯਕੀਨੀ ਬਣਾਵੇ। ਸੁਰੱਖਿਆ ਕਲੀਅਰੈਂਸ ਦੇਵੇ ਤਾਂ ਹੀ ਰੇਲ ਸੇਵਾ ਬਹਾਲ ਹੋਵੇਗੀ।ਰੇਲਵੇ ਦੀ ਕੋਰੀ ਨਾਂਹ ਦੇ ਬਾਵਜੂਦ ਕਾਂਗਰਸੀ ਐਮਪੀ ਪੰਜਾਬ ਅੰਦਰ ਜਲਦ ਰੇਲਾਂ ਚੱਲਣ ਦਾ ਦਾਅਵਾ ਕਰ ਰਹੇ ਹਨ।ਸ਼ਨੀਵਾਰ ਨੂੰ ਦਿੱਲੀ ਵਿੱਚ ਅੱਠ ਕਾਂਗਰਸੀ ਐਮ ਪੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ। ਇਸ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਭਰੌਸਾ ਦਵਾਇਆ ਹੈ ਕਿ ਪੰਜਾਬ ਵਿੱਚ ਜੇ ਅਮਨ ਸ਼ਾਂਤੀ ਬਰਕਰਾਰ ਰਹੇ ਤਾਂ ਜਲਦ ਟ੍ਰੇਨਾਂ ਚਲਾਵਾਂਗੇ।
ਕਾਂਗਰਸ ਦੇ ਐਮ ਪੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਮੀਟਿੰਗ ਤੋਂ ਬਆਦ ਕਿਹਾ ਕਿ "ਅੱਜ ਮੀਟਿੰਗ ਕਾਫ਼ੀ ਸਫ਼ਲ ਰਹੀ। ਇਸ ਮੀਟਿੰਗ ਵਿੱਚ ਰੇਲ ਮੰਤਰੀ ਪਿਉਸ਼ ਗੋਇਲ ਵੀ ਮੋਜੂਦ ਸੀ। ਪੰਜਾਬ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਬਾਰੇ ਅਮਿਤ ਸ਼ਾਹ ਨੇ ਸੁਣੀਆ ਹੈ।ਅਮਿਤ ਸ਼ਾਹ ਨੇ ਕਿਹਾ ਹੈ ਕਿ ਜਲਦ ਪੰਜਾਬ ਵਿੱਚ ਟ੍ਰੇਨਾਂ ਚਲਾਈਆਂ ਜਾਣਗੀਆਂ।" ਜਦੋਂ ਕਾਂਗਰਸੀ ਐਮਪੀ ਨੂੰ ਇਹ ਪੁਛਿਆ ਗਿਆ ਕਿ ਰੇਲਵੇ ਨੇ ਤਾਂ ਟ੍ਰੇਨਾਂ ਚਲਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਤਾਂ ਉਨ੍ਹਾਂ ਕਿਹਾ,"ਅਮੀਤ ਸ਼ਾਹ ਤੋਂ ਵੱਡਾ ਤਾਂ ਨਹੀਂ ਕੋਈ"
ਪਰ ਰੇਲਵੇ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮਾਲ ਗੱਡੀਆਂ ਲਈ ਤਾਂ ਟਰੈਕ ਖੁੱਲ੍ਹੇ ਹਨ ਪਰ ਯਾਤਰੀ ਟ੍ਰੇਨਾਂ ਲਈ ਨਹੀਂ। ਭਾਰਤੀ ਰੇਲਵੇ ਦਾ ਇਸ ਤਰ੍ਹਾਂ ਚੱਲਣਾ ਸੰਭਵ ਨਹੀਂ ਹੈ। ਭਾਰਤੀ ਰੇਲਵੇ ਨੂੰ ਕੋਈ ਇਹ ਗਾਈਡ ਨਹੀਂ ਕਰ ਸਕਦਾ ਕਿ ਤੁਸੀਂ ਇਸ ਟਰੈਕ 'ਤੇ ਇਹ ਟ੍ਰੇਨ ਚਲਾਓ ਤੇ ਇਹ ਨਹੀਂ।
ਉਨ੍ਹਾਂ ਕਿਹਾ ਰੇਲਵੇ ਦੀ ਆਪਣੀ ਵਿਵਸਥਾ ਹੈ। ਜਿਸ ਦੇ ਮੁਤਾਬਿਕ ਪੂਰੇ ਭਾਰਤ 'ਚ ਰੇਲ ਆਪਰੇਸ਼ਨ ਚੱਲਦਾ ਹੈ।ਪੰਜਾਬ 'ਚ ਸਥਿਤੀ ਇਹ ਹੈ ਰੇਲਵੇ ਟ੍ਰੇਨ ਆਪਰੇਟ ਨਹੀਂ ਕਰ ਸਕਦਾ। ਪੰਜਾਬ 'ਚ ਸਟੇਸ਼ਨ ਮਾਸਟਰ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇਸ ਟਰੈਕ 'ਤੇ ਸਿਰਫ ਮਾਲ ਗੱਡੀਆਂ ਚੱਲਣ ਦੇਵਾਂਗੇ, ਯਾਤਰੀ ਰੇਲਾਂ ਨਹੀਂ ਤਾਂ ਅਜਿਹੇ ਮਾਹੌਲ 'ਚ ਰੇਲਾਂ ਚਲਾਉਣਾ ਸੰਭਵ ਨਹੀਂ ਹੈ।
ਹੁਣ ਵੱਡਾ ਸਵਾਲ ਇਹ ਹੈ ਕਿ ਪੰਜਾਬ ਅੰਦਰ ਇਸ ਤਰ੍ਹਾਂ ਦੀ ਸਥਿਤੀ ਵਿੱਚ ਟ੍ਰੇਨਾਂ ਦਾ ਚੱਲਣਾ ਸੰਭਵ ਹੈ?ਇੱਕ ਪਾਸੇ ਕਿਸਾਨ ਯਾਤਰੀ ਟ੍ਰੇਨਾਂ ਦੀ ਆਵਾਜਾਈ ਨੂੰ ਆਗਿਆ ਨਹੀਂ ਦੇਣਾ ਚਾਹੁੰਦੇ ਅਤੇ ਦੂਜੇ ਪਾਸੇ ਰੇਲਵੇ ਇਕੱਲੀਆਂ ਮਾਲ ਗੱਡੀਆਂ ਚਲਾਉਣ ਨੂੰ ਤਿਆਰ ਨਹੀਂ।
ਪੰਜਾਬ 'ਚ ਕਦੋਂ ਬੰਦ ਹੋਈ ਰੇਲ ਸੇਵਾ ਤੇ ਕਿਉਂ?
ਪੰਜਾਬ ਅੰਦਰ 24 ਅਕਤੂਬਰ ਤੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੈ।ਕੇਂਦਰ ਦੇ ਵਿਵਾਦਪੂਰਨ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।ਜਿਸ ਦੌਰਾਨ ਕਿਸਾਨਾਂ ਨੇ 33 ਮਿੱਥੀਆਂ ਥਾਵਾਂ ਤੇ ਮੋਰਚਾ ਲਾਇਆ ਸੀ। 21 ਅਕਤੂਬਰ ਨੂੰ ਕਿਸਾਨਾਂ ਨੇ ਰੇਲਵੇ ਟ੍ਰੈਕ ਖਾਲੀ ਕਰਨ ਦਾ ਫੈਸਲਾ ਕੀਤਾ ਸੀ।ਜਿਸ ਮਗਰੋਂ 22 ਅਤੇ 23 ਅਕਤੂਬਰ ਨੂੰ ਪੰਜਾਬ ਅੰਦਰ 173 ਮਾਲ ਗੱਡੀਆਂ ਚੱਲੀਆਂ ਸੀ।ਜਿਸ ਮਗਰੋਂ ਫਿਰੋਜ਼ਪੁਰ ਡਵੀਜ਼ਨ ਦੇ DRM ਰਾਜੇਸ਼ ਅਗਰਵਾਲ ਨੇ ਦਾਅਵਾ ਕੀਤਾ ਕੀ ਕੁਝ ਕਿਸਾਨਾਂ ਨੇ ਰੱਖ-ਰਖਾਅ ਦੇ ਕੰਮ ਲਈ ਜਾ ਰਹੀ ਖਾਲੀਯਾਤਰੀ ਰੇਲਗੱਡੀ ਨੂੰ ਰੋਕਿਆ।ਇਸ ਦੇ ਨਾਲ ਹੀ ਉਨ੍ਹਾਂ 22 ਅਕਤੂਬਰ ਨੂੰ ਕੁਝ ਮਾਲ ਗੱਡੀਆਂ ਰੋਕੇ ਜਾਣ ਦੀ ਵੀ ਗੱਲ ਕੀਤੀ।ਜਿਸ ਮਗਰੋਂ ਕੇਂਦਰ ਸਰਕਾਰ ਨੇ 24 ਅਕਤੂਬਰ ਤੋਂ ਪੰਜਾਬ ਅੰਦਰ ਰੇਲ ਆਵਾਜਾਈ ਤੇ ਰੋਕ ਲਾ ਦਿੱਤੀ।DRM ਨੇ ਕਿਹਾ ਕਿ ਇਸ ਤਰ੍ਹਾਂ ਨਾਲ ਰੇਲ ਸੇਵਾ ਚਾਲੂ ਨਹੀਂ ਕੀਤੀ ਜਾ ਸਕਦੀ ਸਾਨੂੰ ਨਿਰਵਿਘਨ ਰੇਲ ਸੇਵਾ ਲਈ ਟ੍ਰੈਕ ਖਾਲੀ ਚਾਹੀਦੇ ਹਨ।
ਪੰਜਾਬ 'ਚ ਚੱਲਦੀਆਂ ਰੋਜ਼ਾਨਾਂ 300 ਤੋਂ ਵੱਧ ਟ੍ਰੇਨਾਂ
ਪੰਜਾਬ ਵਿਚੋਂ ਔਸਤਨ 28 ਮਾਲ ਗੱਡੀਆਂ ਅਤੇ 300 ਯਾਤਰੀ ਟ੍ਰੇਨਾਂ ਰੋਜ਼ਾਨਾ ਲੰਘਦੀਆਂ ਹਨ।