ਲੁਧਿਆਣਾ: ਲੁਧਿਆਣਾ ਐੱਸਟੀਐੱਫ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕੋਲੋਂ 5 ਕਿਲੋ 392 ਗ੍ਰਾਮ ਹੈਰੋਇਨ, 312 ਬੋਰ ਰਾਇਫਲ, 12 ਬੋਰ ਪੰਪ ਐਕਸ਼ਨ ਗੰਨ, 32 ਬੋਰ ਰਿਵਾਲਵਰ ਅਤੇ 21 ਲੱਖ ਰੁਪਏ ਦੇ ਲਗਭਗ ਦਾ ਕੈਸ਼ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਤੋਂ 8 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਔਡੀ, ਬੀਐਮਡਬਲਯੂ, ਮਰਸਡੀਜ਼, ਜੈਗੂਆਰ ਆਦਿ ਸ਼ਾਮਲ ਹਨ। ਇਨ੍ਹਾਂ ਸਾਰੀਆਂ ਗੱਡੀਆਂ ਦੇ ਫੈਂਸੀ ਨੰਬਰ ਹਨ।
ਇਨ੍ਹਾਂ ਮੁਲਜ਼ਮਾਂ 'ਚੋਂ ਮੁੱਖ ਗੁਰਦੀਪ ਸਿੰਘ ਰਾਣੋ ਮੌਜੂਦਾ ਸਰਪੰਚ ਹੈ। ਸੂਤਰਾਂ ਮੁਤਾਬਕ ਉਸ ਦੇ ਪੰਜਾਬ ਦੀ ਸਿਆਸੀ ਲਿੰਕ ਵੀ ਦੱਸੇ ਜਾ ਰਹੇ ਹਨ। ਇਹ ਸਾਰੇ ਹਾਈਪ੍ਰੋਫਾਈਲ ਨਸ਼ਾ ਤਸਕਰ ਹਨ ਅਤੇ ਲੰਮੇ ਸਮੇਂ ਤੋਂ ਨਸ਼ੇ ਦੀ ਸਪਲਾਈ ਦੇ ਧੰਦੇ ਨਾਲ ਜੁੜੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਆਈ ਜੀ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਜਾਇਦਾਦ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
ਉਸ ਨੂੰ ਵੀ ਇਸ ਵਿਚ ਅਟੈਚ ਕੀਤਾ ਜਾਵੇਗਾ। ਮੁਲਜ਼ਮਾਂ ਦੇ ਤਾਰ ਨਸ਼ਾ ਤਸਕਰ ਤਨਵੀਰ ਸਿੰਘ ਬੇਦੀ ਨਾਲ ਜੁੜੇ ਹੋਏ ਵੀ ਦੱਸੇ ਜਾ ਰਹੇ ਹਨ ਜੋ ਕਿ ਆਸਟ੍ਰੇਲੀਆ ਤੋਂ ਨਸ਼ੇ ਦਾ ਧੰਦਾ ਚਲਾ ਰਿਹਾ ਸੀ। ਸਰਹੱਦ ਤੋਂ ਬੀਤੇ ਦਿਨੀ ਜੋ ਹੈਰੋਇਨ ਦੀ 197 ਕਿਲੋ ਦੇ ਕਰੀਬ ਖੇਪ ਮਿਲੀ ਸੀ ਉਸ ਵਿੱਚ ਵੀ ਬੇਦੀ ਕਿੰਗਪਿਨ ਮੰਨਿਆ ਜਾ ਰਿਹਾ ਹੈ। ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।