Farmers Protest: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਨੇ ਦਾ ਰੇਟ ਸਿਰਫ 11 ਰੁਪਏ ਵਧਾਉਣ ਤੋਂ ਕਿਸਾਨ ਭੜਕ ਗਏ ਹਨ। ਕਿਸਾਨਾਂ ਨੇ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਗੰਨੇ ਦੇ ਵੱਧ ਰੇਟ ਦੀ ਮੰਗ ਨੂੰ ਲੈ ਕੇ ਜਲੰਧਰ-ਪਠਾਨਕੋਟ ਹਾਈਵੇਅ ਜਾਮ ਕਰ ਦਿੱਤਾ ਹੈ। ਕਿਸਾਨ ਖੰਡ ਮਿੱਲ ਦੇ ਮੁੱਖ ਗੇਟ ਅੱਗੇ ਬੈਠ ਗਏ ਹਨ। ਪ੍ਰਦਰਸ਼ਨ ਕਾਰਨ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।


ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਕਈ ਥਾਵਾਂ ਤੋਂ ਰੂਟ ਮੋੜ ਦਿੱਤੇ ਹਨ। ਡੀਸੀ ਕੋਮਲ ਮਿੱਤਲ ਤੇ ਐਸਪੀ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੰਡ ਮਿੱਲ ਚਾਲੂ ਨਹੀਂ ਕਰਦੀ ਤੇ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਗੰਨੇ ਦਾ ਰੇਟ ਨਹੀਂ ਦਿੰਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।


ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਸ਼ਾਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਗੰਨੇ ਦਾ ਰੇਟ ਨਹੀਂ ਵਧਾਇਆ।    ਸਿਰਫ 11 ਰੁਪਏ ਦਾ ਸ਼ਗਨ ਕਹਿ ਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਮੁਤਾਬਕ ਗੰਨੇ ਦੇ ਰੇਟ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤੇ ਮਿੱਲਾਂ ਨਹੀਂ ਚਲਾਈਆਂ ਜਾਂਦੀਆਂ। ਸਰਕਾਰ ਨੂੰ ਦੋਵਾਂ ਮੰਗਾਂ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਜ਼ਿਲ੍ਹਿਆਂ ਤੋਂ ਵੀ ਕਿਸਾਨ ਆ ਰਹੇ ਹਨ, ਜਲਦੀ ਹੀ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਜਾਵੇਗਾ।


ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਪੰਜਾਬ ਵਿੱਚ 11 ਰੁਪਏ ਦਾ ਇੱਕ ਸ਼ੁਭ ਸ਼ਗਨ ਹੁੰਦਾ ਹੈ…ਅੱਜ ਪੰਜਾਬ ਦੇ ਗੰਨਾ ਕਾਸ਼ਤਾਕਾਰਾਂ ਨੂੰ 11 ਰੁਪਏ ਕੀਮਤ ਵਿੱਚ ਵਾਧਾ ਕਰਕੇ ਪੰਜਾਬ ਦਾ ਗੰਨੇ ਦਾ ਰੇਟ ਸਾਰੇ ਦੇਸ਼ ਤੋਂ ਵੱਧ ਪੰਜਾਬ ਵਿੱਚ 391 ਰੁਪਏ ਕਰਕੇ ਸ਼ੁਭ ਸ਼ਗਨ ਕੀਤਾ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਹਰ ਵਰਗ ਦੇ ਪੰਜਾਬੀਆਂ ਨੂੰ ਮਿਲਣਗੀਆਂ ਖੁਸ਼ਖਬਰੀਆਂ ..ਤੁਹਾਡਾ ਪੈਸਾ ਤੁਹਾਡੇ ਨਾਮ..।