ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਅੱਜ 11ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਪੰਜਾਬ ਵਿੱਚ ਕਿਸਾਨ ਅੰਦੋਲਨ 'ਤੇ ਹੋ ਰਹੀ ਸਿਆਸਤ ਵੀ ਦਿਨੋਂ-ਦਿਨ ਗਰਮਾ ਰਹੀ ਹੈ। ਸਿਆਸਤਦਾਨ ਇਸ ਅੰਦੋਲਨ 'ਚ ਪਾਕਿਸਤਾਨ ਨੂੰ ਵੱਡਾ ਮੁੱਦਾ ਬਣਾ ਰਹੇ ਹਨ। ਪਾਕਿਸਤਾਨ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ-ਦੂਜੇ ਨੂੰ ਘੇਰ ਰਹੇ ਹਨ।

ਸੁਖਬੀਰ ਬਾਦਲ ਨੇ ਕੈਪਟਨ ਤੇ 'ਪਾਕਿਸਤਾਨ ਕਾਰਡ' ਖੇਡਣ ਦੇ ਇਲਜ਼ਾਮ ਲਾਏ ਹਨ। ਇਸ ਦੇ ਜਵਾਬ ਵਿੱਚ ਕੈਪਟਨ ਨੇ ਵੀ ਬਾਦਲ ਪਿਓ-ਪੁੱਤ ਤੇ ਜਵਾਬੀ ਹਮਲਾ ਬੋਲ ਦਿੱਤਾ। ਕੈਪਟਨ ਨੇ ਕਿਹਾ ਕਿ ਉਹ ਬਾਦਲ ਦੀ ਤਰ੍ਹਾਂ ਡਰਪੋਕ ਤੇ ਦੇਸ਼ ਪ੍ਰਤੀ ਗੱਦਾਰ ਨਹੀਂ ਹੈ। ਕੈਪਟਨ ਨੇ ਕਿਸਾਨ ਮੁੱਦੇ ਤੇ ਸੁਖਬੀਰ ਦੀ 'ਪਾਕਿਸਤਾਨ ਕਾਰਡ' ਵਾਲੀ ਟਿੱਪਣੀ ਤੇ ਤਿੱਖੀ ਪ੍ਰਤੀਕਿਰਆ ਦਿੱਤੀ ਹੈ। ਕੈਪਟਨ ਨੇ ਇਸ ਨੂੰ ਤਮਾਸ਼ਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਖਬੀਰ ਦੀ ਨਿਰਾਸ਼ਾ ਦਾ ਪੱਧਰ ਹੈ ਕਿ ਉਹ ਪਾਕਿਸਤਾਨ ਵੱਲੋਂ ਪੰਜਾਬ ਤੇ ਦੇਸ਼ ਦੀ ਸੁਰੱਖਿਆ ਲਈ ਖਤਰੇ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ "ਕੀ ਤੁਸੀਂ ਤੇ ਤੁਹਾਡੀ ਪਾਰਟੀ ਸੱਤਾ ਹਾਸਲ ਕਰਨ ਲਈ ਇੰਨੀ ਘਬਰਾ ਗਈ ਹੈ ਕਿ ਤੁਸੀਂ ਪਾਕਿਸਤਾਨ ਦੇ ਹੱਥੋਂ ਸਾਡੀ ਸੁਰੱਖਿਆ ਨੂੰ ਲੈ ਕੇ ਅੱਖਾਂ ਬੰਦ ਕਰ ਲਈਆਂ ਹਨ? ਕੀ ਤੁਸੀਂ ਕਹਿ ਰਹੇ ਹੋ ਕਿ ਸਾਡੇ ਬਹਾਦਰ ਸਿਪਾਹੀਆਂ ਨੇ ਪੰਜਾਬ ਨਾਲ ਲੱਗਦੀ ਸਰਹੱਦ 'ਤੇ ਜੋ ਹਥਿਆਰ, ਗੋਲੀਆਂ, ਸਿੱਕੇ ਤੇ ਡ੍ਰੋਨ ਫੜੇ ਹਨ, ਉਹ ਬਿਲਕੁਲ ਖ਼ਤਰਾ ਨਹੀਂ ਹਨ?"

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਅੱਗੇ ਆਤਮ ਸਮਰਪਣ ਕਰਨ ਤੇ ਕਿਸਾਨਾਂ ਖਿਲਾਫ ‘ਪਾਕਿਸਤਾਨ ਕਾਰਡ’ ਖੇਡਣ ਦਾ ਦੋਸ਼ ਲਾਇਆ ਸੀ। ਸੁਖਬੀਰ ਨੇ ਕੈਪਟਨ ਵੱਲੋਂ ਕਿਸਾਨੀ ਅੰਦੋਲਨ ਤੋਂ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਸੰਦਰਭ ਵਿੱਚ ਦਿੱਤੇ ਬਿਆਨ ਤੇ ਤਿੱਖੀ ਅਲੋਚਨਾ ਕੀਤੀ ਸੀ। ਸੁਖਬੀਰ ਨੇ ਕਿਹਾ ਕਿ "ਬਹਾਦਰ ਕੈਪਟਨ ਨਾ ਸਿਰਫ ਭਾਜਪਾ ਹਾਈ ਕਮਾਨ ਵਲੋਂ ਦਿੱਤੀ ਗਈ ਸਕ੍ਰਿਪਟ ਪੜ੍ਹ ਰਹੇ ਹਨ ਬਲਕਿ ਇਸ ਨੂੰ ਤੋਤੇ ਵਾਂਗ ਗਾ ਰਹੇ ਹਨ।"