ਅੰਮ੍ਰਿਤਸਰ : ਕਿਸਾਨ ਮਜਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਤੇ ਬੀਕੇਯੂ (ਉਗਰਾਹਾਂ) ਨੇ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਨਹਿਰਾਂ ਦੇ ਕੰਢੇ ਲਾਏ ਜਾ ਰਹੇ ਪਾਣੀ ਸਾਫ ਕਰਕੇ ਸ਼ਹਿਰਾਂ ਨੂੰ ਸਪਲਾਈ ਕਰਨ ਦੇ ਪ੍ਰੋਜੈਕਟ ਖ਼ਿਲਾਫ਼ ਸ਼ੁਰੂ ਕੀਤਾ ਮੋਰਚਾ ਅੱਜ ਤੀਜੇ ਦਿਨ 'ਚ ਦਾਖਲ ਹੋ ਗਿਆ। ਕਿਸਾਨ ਪੰਜਾਬ ਦੇ 11 ਜ਼ਿਲ੍ਹਿਆਂ 'ਚ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਿਸਾਨਾਂ ਨੇ ਮੀਂਹ ਦੇ ਬਾਵਜੂਦ ਧਰਨੇ ਵਾਲੀ ਥਾਂ ਤੋਂ ਪ੍ਰੋਜੈਕਟ ਵਾਲੀ ਥਾਂ ਤੱਕ ਕਾਲੇ ਚੋਲੇ ਪਾ ਕੇ ਮਾਰਚ ਕੱਢਿਆ। ਕਿਸਾਨਾਂ ਦੀ ਮੰਗ ਹੈ ਨਹਿਰਾਂ ਦੇ ਪਾਣੀ ਤੇ ਪ੍ਰੋਜੈਕਟ ਲਾ ਕੇ ਇਕ ਪਾਸੇ ਪਾਣੀ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਉੱਥੇ ਹੀ ਨਹਿਰੀ ਪਾਣੀ ਕਿਸਾਨਾਂ ਲਈ ਹੈ ਅਤੇ ਪੰਜਾਬ ਸਰਕਾਰ ਤੇ ਅਧਿਕਾਰੀ ਆਪਣੇ ਕਮਿਸ਼ਨ ਦੇ ਚੱਕਰ 'ਚ ਪ੍ਰੋਜੈਕਟ ਨੂੰ ਮਨਜੂਰੀ ਦੇ ਰਹੇ ਹਨ। 


ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਜਿਹੇ ਪ੍ਰੋਜੈਕਟ ਲਾ ਕੇ ਸਰਕਾਰ ਕਿਸਾਨਾਂ ਦੀ ਵਰਤੋਂ ਲਈ ਰੱਖੇ ਨਹਿਰੀ ਪਾਣੀ ਨੂੰ ਸਾਫ ਕਰਕੇ ਸ਼ਹਿਰਾਂ ਸਪਲਾਈ ਕਰਨ ਲਈ ਨਿੱਜੀ ਕੰਪਨੀਆਂ ਦੇ ਹੱਥਾਂ 'ਚ ਦੇਣ ਜਾ ਰਹੀ ਹੈ। ਜਦਕਿ ਪੰਜਾਬ 'ਚ ਖੇਤੀ ਦਾ ਰਕਬਾ ਦਿਨ ਪ੍ਰਤੀ ਦਿਨ ਪਾਣੀ ਦੀ ਕਮੀ ਕਰਕੇ ਘੱਟ ਰਿਹਾ ਹੈ। ਕਿਸਾਨ ਨੇਤਾ ਪੰਧੇਰ ਨੇ ਕਿਹਾ ਸ਼ਹਿਰ ਦੇ ਵਾਸੀ ਵੀ ਉਹਨਾਂ ਦੇ ਨਾਲ ਖੜਨਗੇ ਕਿਉੰਕਿ ਨਿੱਜੀ ਕੰਪਨੀਆਂ ਮਹਿੰਗਾ ਪਾਣੀ ਵੇਚਣਗੀਆਂ। ਦੂਜੇ ਪਾਸੇ ਧਰਤੀ ਹੇਠਲਾ ਪਾਣੀ ਲਗਾਤਾਰ ਗੰਦਾ ਹੋ ਰਿਹਾ ਹੈ। ਕਿਉਂਕਿ ਸਰਕਾਰ ਦੀ ਸ਼ਹਿ ਤੇ ਫੈਕਟਰੀ ਮਾਲਕ ਬੋਰ ਕਰਕੇ ਗੰਦਾ ਪਾਣੀ ਧਰਤੀ 'ਚ ਭੇਜ ਰਹੇ ਹਨ ਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ। ਜਦਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।