ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।ਸਾਂਝੇ ਕਿਸਾਨ ਮੋਰਚੇ ਦੇ ਅਧੀਨ ਆਉਂਦੀਆਂ ਕਿਸਾਨ ਜੱਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ ‘ਤੇ ਇੱਕ ਮੀਟਿੰਗ ਤੋਂ ਬਾਅਦ ਕਿਹਾ ਕਿ ਜੇ 4 ਜਨਵਰੀ ਨੂੰ ਸਰਕਾਰ ਨਾਲ ਗੱਲਬਾਤ ਫੇਲ੍ਹ ਹੁੰਦੀ ਹੈ ਤਾਂ ਉਹ ਰੋਸ ਨੂੰ ਹੋਰ ਤੇਜ਼ ਕਰਨਗੇ ਅਤੇ 6 ਜਨਵਰੀ ਨੂੰ ਟਰੈਕਟਰ ਰੈਲੀ ਕਰਨਗੇ।

ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਸਰਕਾਰ ਨਾਲ ਚਾਰ ਮੁੱਦਿਆਂ ‘ਤੇ ਗੱਲਬਾਤ ਵੀ ਕੀਤੀ, ਜਿਨ੍ਹਾਂ ਵਿਚੋਂ ਸਰਕਾਰ ਨੇ ਦੋ ਮੰਗਾਂ ਮੰਨ ਲਈਆਂ ਸੀ, ਜਦੋਂਕਿ ਦੂਸਰੇ ਦੋ, ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਰੰਟੀ ਅਜੇ ਵੀ ਬਾਕੀ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਸਲ ਮੁੱਦੇ ਤੇ ਨਹੀਂ ਆ ਰਹੀ।

ਉਧਰ ਮੌਸਮ 'ਚ ਲਗਾਤਾਰ ਬਦਲਾ ਜਾਰੀ ਹੈ।ਕੜਾਕੇ ਦੀ ਠੰਢ ਦੇ ਨਾਲ ਨਾਲ ਹੁਣ ਮੀਂਹ ਦੇ ਆਸਾਰ ਹਨ।ਜਿਸ ਨੇ ਕਿਸਾਨਾਂ ਦੀ ਚਿੰਤਾ ਹੋਰ ਵੱਧਾ ਦਿੱਤੀ ਹੈ।ਕਿਸਾਨਾਂ ਕੱਲ੍ਹ ਰਾਤ ਤੋਂ ਮੀਂਹ ਨਾਲ ਨਜਿੱਠਣ ਲਈ ਵਾਟਰਪਰੂਫ ਤਰਪਾਲ ਲੱਗਾ ਕੇ ਆਪਣੇ ਤੰਬੂ ਗੱਢ ਲਏ ਹਨ।ਫਿਲਹਾਲ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਗੱਲਬਾਤ 4 ਜਨਵਰੀ ਨੂੰ ਹੈ ਅਤੇ ਸਭ ਦੀਆਂ ਨਜ਼ਰਾਂ ਹੁਣ ਇਸ ਮੀਟਿੰਗ ਤੇ ਹੀ ਹਨ।