ਚੰਡੀਗੜ੍ਹ: ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਉੱਪਰ ਬੋਨਸ ਦੇ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚਾ ਤੇ ਬੀਕੇਯੂ (ਉਗਰਾਹਾਂ) ਦੇ ਲੀਡਰਾਂ ਨਾਲ ਮੀਟਿੰਗ ਵਿੱਚ ਸੰਕੇਤ ਦਿੱਤਾ ਹੈ ਕਿ ਮਾਰਚ ਮਹੀਨੇ ਦੌਰਾਨ ਵੱਧ ਗਰਮੀ ਪੈਣ ਕਾਰਨ ਕਣਕ ਦੇ ਘਟੇ ਝਾੜ ਦੀ ਭਰਪਾਈ ਲਈ ਕਿਸਾਨਾਂ ਨੂੰ ਢੁੱਕਵਾਂ ਬੋਨਸ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ।



ਕਿਸਾਨਾਂ ਨੇ ਸਰਕਾਰ ਤੋਂ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ ਪਰ ਸਰਕਾਰ 100 ਰੁਪਏ ਪ੍ਰਤੀ ਕੁਇੰਟਲ ਤੱਕ ਬੋਨਸ ਦੇ ਸਕਦੀ ਹੈ। ਕਿਸਾਨ ਲੀਡਰਾਂ ਨੇ ਮੀਟਿੰਗ ਦੌਰਾਨ ਫ਼ਸਲੀ ਝਾੜ ਕਾਰਨ ਕਿਸਾਨਾਂ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਕੋਲ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦੀ ਮੰਗ ਰੱਖੀ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਣਕ ਦੇ ਘਟੇ ਝਾੜ ’ਤੇ ਬੋਨਸ/ਮੁਆਵਜ਼ੇ ਦੇ ਮੁੱਦੇ ’ਤੇ ਵਿਚਾਰ ਕਰਨ ਦਾ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਣਕ ਦੇ ਝਾੜ ਘਟਣ ਕਰਕੇ ਹੋਏ ਨੁਕਸਾਨ ਦਾ ਪਹਿਲਾਂ ਜਾਇਜ਼ਾ ਲੈਣਗੇ ਤੇ ਉਸ ਮਗਰੋਂ ਵਿੱਤੀ ਭਰਪਾਈ ਬਾਰੇ ਸੋਚਣਗੇ। ਸੰਯੁਕਤ ਕਿਸਾਨ ਮੋਰਚੇ ਦੇ ਡਾ. ਦਰਸ਼ਨਪਾਲ ਨੇ ਕਿਹਾ ਕਿ ਕਣਕ ’ਤੇ ਬੋਨਸ ਦੇਣ ਦੀ ਮੁੱਖ ਮੰਤਰੀ ਨੇ ਸਿਧਾਂਤਕ ਤੌਰ ’ਤੇ ਸਹਿਮਤੀ ਦੇ ਦਿੱਤੀ ਹੈ।

ਦੱਸ ਦਈਏ ਕਿ ਕਿ ਐਤਕੀਂ ਵੱਧ ਤਾਪਮਾਨ ਕਰਕੇ ਕਣਕ ਦਾ ਝਾੜ 20 ਤੋਂ 25 ਫ਼ੀਸਦੀ ਘਟਿਆ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਛੇ ਹਜ਼ਾਰ ਕਰੋੜ ਰੁਪਏ ਦੀ ਸੱਟ ਵੱਜੀ ਹੈ। ਗਰਮੀ ਕਰਕੇ ਕਣਕ ਦਾ ਦਾਣਾ ਸੁੰਗੜ ਗਿਆ ਹੈ।



ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੰਬਦੀਆਂ ਸਾਹਮਣੇ ਝੋਨੇ ਦੇ ਅਗਲੇ ਸੀਜ਼ਨ ਲਈ ਨਵਾਂ ਖੇਤੀ ਫ਼ਾਰਮੂਲਾ ਪੇਸ਼ ਕੀਤਾ ਹੈ। ਕਿਸਾਨ ਇਸ ਬਾਰੇ ਵਿਚਾਰ ਚਰਚਾ ਕਰਨਗੇ ਜਿਸ ਮਗਰੋਂ ਅਗਲਾ ਫੈਸਲਾ ਲੈਣਗੇ। ਮੁੱਖ ਮੰਤਰੀ ਵੱਲੋਂ ਝੋਨੇ ਦੇ ਅਗਲੇ ਸੀਜ਼ਨ ਤੇ ਖੇਤੀ ਵਿਭਿੰਨਤਾ ਦੇ ਮੁੱਦੇ ’ਤੇ ਆਪਣੀ ਰਣਨੀਤੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਅਹਿਮ ਗੱਲ ਹੈ ਕਿ ਪੰਜਾਬ ਸਰਕਾਰ ਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਦੋਵੇਂ ਧਿਰਾਂ ਦੇ ਇੱਕ-ਦੂਜੇ ਪ੍ਰਤੀ ਸਹਿਮਤੀ ਵਾਲੇ ਸੁਰ ਨਜ਼ਰ ਆਏ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਅਗਲੇ ਸੀਜ਼ਨ ਲਈ ‘ਆਪ’ ਸਰਕਾਰ ਦਾ ਨਵਾਂ ਖੇਤੀ ਫ਼ਾਰਮੂਲਾ ਪੇਸ਼ ਕੀਤਾ। ਸਰਕਾਰ ਨੇ ਕਿਸਾਨ ਲੀਡਰਾਂ ਅੱਗੇ ਪਾਣੀ ਦੀ ਬੱਚਤ ਤੇ ਖੇਤੀ ਵਿਭਿੰਨਤਾ ਨੂੰ ਲੈ ਕੇ ਆਪਣੀ ਤਜਵੀਜ਼ ਰੱਖੀ। ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ 20 ਮਈ ਤੋਂ 31 ਮਈ ਤੱਕ ਬਿਜਲੀ ਦੀ ਚਾਰ ਘੰਟੇ ਸਪਲਾਈ ਦੇਣ ਦੀ ਗੱਲ ਆਖੀ। ਕੱਦੂ ਵਾਲੇ ਝੋਨੇ ਲਈ 20 ਜੂਨ ਤੋਂ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।