ਰਵਨੀਤ ਕੌਰ ਦੀ ਰਿਪੋਰਟ


Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇਸ਼ ਦੇ ਦੂਜੇ ਸੂਬਿਆਂ ਅੰਦਰ ਵੀ ਧੜਾਧੜ ਇਸ਼ਤਿਹਾਰ ਦੇ ਰਹੀ ਹੈ। ਇਸ ਤੋਂ ਇਲਾਵਾ ਨੈਸ਼ਨਲ ਮੀਡੀਆ ਉੱਪਰ ਵੀ ਲੱਖਾਂ ਰੁਪਏ ਦੇ ਇਸ਼ਤਿਹਾਰ ਚੱਲ ਰਹੇ ਹਨ। ਸਰਕਾਰ ਇੱਕ ਪਾਸੇ ਖ਼ਜ਼ਾਨਾ ਖਾਲੀ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਇਸ਼ਤਿਹਾਰ ਉੱਪਰ ਕਰੋੜਾਂ ਰੁਪਏ ਖਰਚ ਰਹੀ ਹੈ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ।

ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁਫ਼ਤ ਬਿਜਲੀ ਦੇਣ ਦਾ ਸਿਰਫ਼ ਐਲਾਨ ਹੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਗੁਜਰਾਤ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਹਰਿਆਣਾ ਸਮੇਤ ਦੇਸ਼ ਦੇ ਸਾਰੇ ਰਾਜਾਂ ਵਿੱਚ ਇਸ਼ਤਿਹਾਰਾਂ ਰਾਹੀਂ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦਾ ਪੈਸਾ ਪਾਣੀ ਵਾਂਗ ਬਰਬਾਦ ਕੀਤਾ ਜਾ ਰਿਹਾ ਹੈ ਜਿਸ ਦੀ ਵਰਤੋਂ ਆਮ ਆਦਮੀ ਪਾਰਟੀ ਵੱਲੋਂ ਦੂਜੇ ਰਾਜਾਂ ਵਿੱਚ ਚੋਣ ਪ੍ਰਚਾਰ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਤਨਜ਼ ਕੱਸਿਆ ਕਿ ਲੋਕ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ ਸਨ, ਪਰ ਇਸ ਤਰ੍ਹਾਂ ਤਾਂ ਰਵਾਇਤੀ ਪਾਰਟੀਆਂ ਵੀ ਨਹੀਂ ਕਰਦੀਆਂ। ਆਮ ਆਦਮੀ ਪਾਰਟੀ ਕੀ ਕਰ ਰਹੀ ਹੈ।

ਦੱਸ ਦਈਏ ਕਿ ਪੰਜਾਬ ਦੀ 'ਆਪ' ਸਰਕਾਰ ਨੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੂੰ ਬਿਲਿੰਗ ਚੱਕਰ ਦੇ 2 ਮਹੀਨਿਆਂ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਐਸਸੀ, ਬੀਸੀ ਅਜ਼ਾਦੀ ਘੁਲਾਟੀਆਂ ਤੇ ਬੀਪੀਐਲ ਪਰਿਵਾਰਾਂ ਨੂੰ ਇਸ ਤੋਂ ਉਪਰਲੀ ਯੂਨਿਟ ਦਾ ਬਿੱਲ ਹੀ ਅਦਾ ਕਰਨਾ ਹੋਵੇਗਾ।

ਹਾਲਾਂਕਿ ਜੇਕਰ 2 ਮਹੀਨਿਆਂ 'ਚ ਜਨਰਲ ਕੈਟਾਗਰੀ ਦੇ ਲੋਕਾਂ ਦਾ ਬਿੱਲ 600 ਯੂਨਿਟ ਤੋਂ ਵੱਧ ਜਾਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਇਹ ਫੈਸਲਾ ਵੀ 2 ਮਹੀਨੇ ਬਾਅਦ ਲਾਗੂ ਹੋਣਾ ਹੈ ਜਿਸ 'ਤੇ ਵਿਰੋਧੀ ਧਿਰਾਂ ਹਮਲਾਵਰ ਹਨ। ਬੇਸ਼ੱਕ ਇਹ ਫੈਸਲਾ ਜੁਲਾਈ ਵਿੱਚ ਲਾਗੂ ਹੋਣਾ ਹੈ ਪਰ ਪੰਜਾਬ ਸਰਕਾਰ ਇਸ ਦਾ ਪ੍ਰਚਾਰ ਦੇਸ਼ ਭਰ ਵਿੱਚ ਜ਼ੋਰ-ਸ਼ੋਰ ਨਾਲ ਕਰ ਰਹੀ ਹੈ।