ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਡਾਕੇ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਜਿਸਦੇ 6 ਮੈਂਬਰਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਮੈਂਬਰਾਂ 'ਚ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਵੀ ਸ਼ਾਮਲ ਹੈ, ਜਿਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਹਿਕਮੇ ਦੇ ਹੀ ਇੱਕ ਜੇ.ਈ ਦੇ ਘਰ ਡਾਕਾ ਮਾਰਨ ਦੀ ਵਿਉਂਤ ਬਣਾਈ ਸੀ। ਇਸਦੇ ਨਾਲ ਹੀ ਪੁਲਿਸ ਨੇ ਸਬੰਧਤ ਜੇ.ਈ ਦੇ ਘਰੋਂ 42 ਲੱਖ 61 ਹਜ਼ਾਰ  ਰੁਪਏ ਵੀ ਬਰਾਮਦ ਕੀਤੇ , ਜਿਸਦੀ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪੀ ਗਈ ਹੈ।


ਫਤਹਿਗੜ੍ਹ ਸਾਹਿਬ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 12 ਮਈ ਨੂੰ ਸੀਆਈਏ ਸਟਾਫ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ 6 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਸੀ। ਇਹਨਾਂ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ, 32 ਬੋਰ ਦਾ ਇੱਕ ਦੇਸੀ ਰਿਵਾਲਵਰ, 315 ਬੋਰ ਦੇ ਤਿੰਨ ਦੇਸੀ ਕੱਟੇ ਬਰਾਮਦ ਹੋਏ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪਿੰਡ ਨਲੀਨੀ ਦਾ ਰਹਿਣ ਵਾਲਾ ਬਹਾਦਰ ਸਿੰਘ ਪੰਚਾਇਤੀ ਮਹਿਕਮੇ ਦਾ ਮੌਜੂਦਾ ਸਕੱਤਰ ਹੈ ,ਜਿਸਦੀ ਡਿਉਟੀ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ 'ਚ ਸੀ।

 

ਬਹਾਦਰ ਸਿੰਘ ਕੋਲ ਵੀ ਨਜਾਇਜ਼ ਅਸਲਾ ਸੀ। ਬਹਾਦਰ ਸਿੰਘ ਨੇ ਬਨੂੜ ਰਹਿੰਦੇ ਆਪਣੇ ਮਹਿਕਮੇ ਦੇ ਜੇਈ ਲੋਕੇਸ਼ ਥੰਮਨ ਦੇ ਘਰ ਡਾਕਾ ਮਾਰਨ ਦੀ ਯੋਜਨਾ ਆਪਂਣੇ ਸਾਥੀਆਂ ਸਮੇਤ ਬਣਾਈ ਸੀ। ਬਹਾਦਰ ਸਿੰਘ ਨੂੰ ਇਹ ਗੱਲ ਪਤਾ ਸੀ ਕਿ ਜੇਈ ਦੇ ਘਰ ਭਾਰੀ ਮਾਤਰਾ 'ਚ ਨਕਦੀ ਪਈ ਹੈ। ਜਦੋਂ ਪੁਲਿਸ ਸਾਹਮਣੇ ਇਹ ਗੱਲ ਆਈ ਤਾਂ ਪੁਲਿਸ ਨੇ ਸਰਚ ਵਾਰੰਟ ਲੈ ਕੇ ਜੇਈ ਦੇ ਬਨੂੜ ਸਥਿਤ ਘਰ ਦੀ ਤਲਾਸ਼ੀ ਲਈ ,ਇਸ ਘਰ 'ਚੋਂ 42 ਲੱਖ 61 ਹਜ਼ਾਰ ਰੁਪਏ ਬਰਾਮਦ ਹੋਏ। ਨਕਦੀ ਬਰਾਮਦਗੀ ਦਾ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪਿਆ ਗਿਆ ਅਤੇ ਬਾਕੀ ਦੇ ਆਪਰਾਧਿਕ ਮਾਮਲੇ ਦੀ ਜਾਂਚ ਫਤਹਿਗੜ੍ਹ ਸਾਹਿਬ ਪੁਲਿਸ ਕਰ ਰਹੀ ਹੈ।