ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਭੀਣ ਵਿੱਚ ਪਰਿਵਾਰ ਵਿੱਚ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਨ ਕਾਰਨ ਪਿਤਾ ਦੀ ਵੀ ਮੌਤ ਹੋ ਗਈ। ਮ੍ਰਿਤਕ ਪਿਓ-ਪੁੱਤ ਦੀ ਪਛਾਣ ਪਿਆਰਾ ਸਿੰਘ ਤੇ ਉਸ ਦੇ ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ। ਅਮਰੀਕ ਸਿੰਘ ਇੰਗਲੈਂਡ ਵਿੱਚ ਨੌਕਰੀ ਕਰਕੇ ਵਾਪਸ ਪਿੰਡ ਆ ਗਿਆ ਸੀ। ਮ੍ਰਿਤਕ ਦਾ ਪੁੱਤਰ ਤੇ ਧੀ ਕੈਨੇਡਾ ਵਿੱਚ ਵਸੇ ਹੋਏ ਹਨ, ਜਦਕਿ ਉਸ ਦਾ ਭਰਾ ਗ੍ਰੀਸ ਵਿੱਚ ਰਹਿੰਦਾ ਹੈ।

ਮ੍ਰਿਤਕ ਅਮਰੀਕ ਦੇ ਭਰਾ ਨੇ ਦੱਸਿਆ ਕਿ ਬੀਤੀ ਸ਼ਾਮ ਸੱਤ ਵਜੇ ਬਿਜਲੀ ਚਲੀ ਗਈ ਤਾਂ ਅਮਰੀਕ ਆਪ ਹੀ ਇਨਵਰਟਰ ਨੂੰ ਜਾਂਚਣ ਲੱਗ ਪਿਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਖੜਾਕ ਸੁਣਿਆ ਤਾਂ ਜਾ ਕੇ ਵੇਖਿਆ ਕਿ ਅਮਰੀਕ ਫਰਸ਼ 'ਤੇ ਡਿੱਗਾ ਪਿਆ ਸੀ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁੱਤ ਦੀ ਮੌਤ ਦੀ ਖ਼ਬਰ 80 ਸਾਲਾ ਪਿਆਰਾ ਸਿੰਘ ਸਹਾਰ ਨਾ ਸਕਿਆ ਅਤੇ ਉਸ ਦੀ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਦੇ ਮੈਂਬਰ ਫਟਾਫਟ ਉਸ ਨੂੰ ਵੀ ਹਸਪਤਾਲ ਲੈ ਕੇ ਗਏ ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਪਿਓ-ਪੁੱਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਫੈਲ ਗਿਆ।