ਚੰਡੀਗੜ੍ਹ: ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਦੁਪਹੀਆ ਵਾਹਨਾਂ 'ਤੇ ਔਰਤਾਂ ਲਈ ਹੈਲਮੇਟ ਅੱਜ ਯਾਨੀ ਬੁੱਧਵਾਰ ਤੋਂ ਪਹਿਨਣਾ ਲਾਜ਼ਮੀ ਹੋ ਗਿਆ ਹੈ। ਯੂਟੀ ਪੁਲਿਸ ਨੇ ਅਜਿਹਾ ਨਾ ਕਰਨ ਵਾਲੀਆਂ ਔਰਤਾਂ ਦੇ ਚਾਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਸਿੱਖ ਜਥੇਬੰਦੀਆਂ ਲਾਮਬੰਦ ਹੋ ਗਈਆਂ ਹਨ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਸ ਕਾਨੂੰਨ ਸਬੰਧੀ ਦੋ ਮਹੀਨੇ ਚੇਤਾਵਨੀ ਜਾਰੀ ਕਰ ਦਿੱਤੀ ਸੀ। ਅੱਜ ਤੋਂ ਬਗ਼ੈਰ ਹੈਲਮੈਟ ਦੁਪਹੀਆ ਵਾਹਨ ਚਾਲਕ ਕੁੜੀਆਂ ਦੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਉੱਧਰ ਸਿੱਖ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਧਰਨਾ ਲਾ ਦਿੱਤਾ ਹੈ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਿਨ੍ਹਾਂ ਔਰਤਾਂ ਦੇ ਨਾਂਅ ਪਿੱਛੇ ਕੌਰ ਲੱਗਦਾ ਹੈ ਉਨ੍ਹਾਂ ਨੂੰ ਹੈਲਮਟ ਪਹਿਨਣਾ ਲਾਜ਼ਮੀ ਨਹੀਂ ਹੋਣਾ ਚਾਹੀਦਾ।



ਸਿੱਖ ਜਥੇਬੰਦੀਆਂ ਨੇ ਇਹ ਧਰਨਾ ਸੈਕਟਰ 34 ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਤੇ ਸਿੱਖ ਬੀਬੀਆਂ ਨੇ ਬਿਨਾ ਹੈਲਮੇਟ ਪਹਿਨੇ ਤੋਂ ਆਪਣੇ ਸਕੂਟਰਾਂ 'ਤੇ ਸਵਾਰ ਹੋ ਕੇ ਰਾਜ ਭਵਨ ਤਕ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਮਾਰਚ ਕਰਨ ਫੈਸਲਾ ਕੀਤਾ ਸੀ। ਪਰ ਚੰਡੀਗੜ੍ਹ ਪੁਲਿਸ ਨੇ ਧਰਨਾ ਮਾਰ ਰਹੇ ਲੋਕਾਂ ਨੂੰ 33-34 ਸੈਕਟਰ ਦਰਮਿਆਨ ਸੜਕ 'ਤੇ ਹੀ ਰੋਕ ਦਿੱਤਾ ਹੈ।

ਵੱਡੀ ਉਮਰ ਦੀਆਂ ਸਿੱਖ ਔਰਤਾਂ ਅੱਗੇ ਵੱਧ ਕੇ ਪ੍ਰਸ਼ਾਸਨ ਦੀ ਖਿਲਾਫਤ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦਾ ਉਦੋਂ ਤਕ ਇਹ ਲੜਾਈ ਜਾਰੀ ਰਹੇਗੀ।