ਚੰਡੀਗੜ੍ਹ: ਖੰਨਾ ਪੁਲਿਸ ਤੇ ਜਲੰਧਰ ਦੇ ਪਾਦਰੀ ਦੇ ਕਥਿਤ ਹਵਾਲਾ ਮਾਮਲੇ ਸਬੰਧੀ ਅੱਜ ਅਕਾਲੀ ਦਲ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਦੇ ਵਫ਼ਦ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਅਰਜ਼ੀ ਦਿੱਤੀ ਹੈ। ਉੱਧਰ ਖੰਨਾ ਦੇ ਐਸਐਸਪੀ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਨੇ ਵੀ ਇਸ ਦੀ ਜਾਂਚ ਆਈਜੀ ਕ੍ਰਾਈਮ ਨੂੰ ਸੌਂਪ ਦਿੱਤੀ ਹੈ।

IG ਕ੍ਰਾਈਮ ਕੋਲ ਪਹੁੰਚਿਆ ਮਾਮਲਾ

ਲੁਧਿਆਣਾ ਰੇਂਜ ਦੇ DIG ਰਣਬੀਰ ਸਿੰਘ ਖਟੜਾ ਨੇ ਪੁਸ਼ਟੀ ਕੀਤੀ ਕਿ ਪਾਦਰੀ ਵੱਲੋਂ ਐਸਐਸਪੀ 'ਤੇ ਇਲਜ਼ਾਮ ਲਾਉਣ ਤੋਂ ਬਾਅਦ DGP ਦਫ਼ਤਰ ਨੇ ਇਸ ਮਾਮਲੇ ਦੀ ਜਾਂਚ IG ਕ੍ਰਾਈਮ ਨੂੰ ਸੌਪ ਦਿੱਤੀ ਗਈ ਹੈ। DIG ਦਾ ਕਹਿਣਾ ਹੈ ਕੇ ਉਨ੍ਹਾਂ ਆਪਣੀ ਰਿਪੋਰਟ DGP ਦਫ਼ਤਰ ਨੂੰ ਭੇਜ ਦਿੱਤੀ ਸੀ। ਹੁਣ ਪਤਾ ਲੱਗਾ ਹੈ ਕੇ ਇਸ ਮਾਮਲੇ ਦੀ ਜਾਂਚ IG ਕ੍ਰਾਈਮ ਨੂੰ ਦਿੱਤੀ ਗਈ ਹੈ।

ਪੂਰਾ ਮਾਮਲਾ- ਪੁਲਿਸ ਦਾ ਪੱਖ

ਖੰਨਾ ਪੁਲਿਸ ਦੇ ਐਸਐਸਪੀ ਧਰੁਵ ਦਹੀਆ ਮੁਤਾਬਕ ਸ਼ਨੀਵਾਰ ਰਾਤ ਨੂੰ ਜਲੰਧਰ ਦੇ ਪ੍ਰਤਾਪਪੁਰਾ ਚਰਚ ਦੇ ਪਾਦਰੀ ਐਂਥਨੀ ਨੂੰ ਖੰਨਾ ਦੇ ਵਿੱਚ ਹੀ ਨਾਕੇ ਤੋਂ 9.66 ਕਰੋੜ ਰੁਪਏ ਦੇ ਨਾਲ ਫੜਿਆ। ਪਾਦਰੀ ਦੇ ਨਾਲ ਇੱਕ ਔਰਤ ਤੇ ਪੰਜ ਬੰਦੇ ਹੋਰ ਸਨ। ਕੋਈ ਵੀ ਪੈਸਿਆਂ ਦਾ ਸੋਰਸ ਨਹੀਂ ਦੱਸ ਸਕਿਆ। ਪੁਲਿਸ ਮੁਤਾਬਕ ਇਹ ਪੈਸਾ ਹਵਾਲਾ ਦਾ ਹੋ ਸਕਦਾ ਸੀ।

ਸਬੰਧਤ ਖ਼ਬਰ- ਪਾਦਰੀ ਤੋਂ ਜ਼ਬਤ ਹੋਏ ਕਰੋੜਾਂ ਰੁਪਏ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ 'ਦਿਲਚਸਪੀ'

ਪੁਲਿਸ ਨੇ ਇਨਕਮ ਟੈਕਸ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਇਸ ਦੀ ਜਾਣਦਾਰੀ ਦੇ ਦਿੱਤੀ। ਦੂਜੇ ਪਾਸੇ ਇਹ ਚਰਚਾਵਾਂ ਵੀ ਹੋਣ ਲੱਗੀਆਂ ਕਿ ਸ਼ਾਇਦ ਇਹ ਪੈਸਾ ਚੋਣਾਂ ਵਿੱਚ ਇਸਤੇਮਾਲ ਹੋਣਾ ਸੀ ਜਾਂ ਇਸ ਨੂੰ ਧਰਮ ਪਰਿਵਰਤਨ ਵਾਸਤੇ ਵੀ ਵਰਤਿਆ ਜਾ ਸਕਦਾ ਸੀ।

ਪਾਦਰੀ ਦਾ ਪੱਖ

ਪਰ ਪੁਲਿਸ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਪਾਦਰੀ ਐਂਥਨੀ ਐਤਵਾਰ ਸ਼ਾਮ ਨੂੰ ਅਚਾਨਕ ਮੀਡੀਆ ਸਾਹਮਣੇ ਆਏ ਤੇ ਦੱਸਿਆ ਕਿ ਇਹ ਪੈਸਾ ਹਵਾਲਾ ਦਾ ਨਹੀਂ ਹੈ ਸਗੋਂ ਕਿਤਾਬਾਂ ਤੇ ਹੋਰ ਸਟੇਸ਼ਨਰੀ ਵੇਚ ਕੇ ਕਮਾਇਆ ਗਿਆ ਹੈ। ਉਨ੍ਹਾਂ ਦੀ ਕੰਪਨੀ ਹੈ ਜਿਸ ਦੇ ਚਾਰ ਪਾਰਟਨਰਜ਼ ਹਨ। ਇਸ ਤੋਂ ਇਲਾਵਾ ਪਾਦਰੀ ਨੇ ਖੰਨਾ ਦੇ ਐਸਐਸਪੀ 'ਤੇ ਵੱਡਾ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਨਾਕੇ ਤੋਂ ਨਹੀਂ ਫੜਿਆ ਗਿਆ, ਸਗੋਂ ਜਲੰਧਰ ਵਿੱਚ ਡਾਇਓਸਿਸ ਵੱਲੋਂ ਦਿੱਤੇ ਘਰ ਤੋਂ ਫੜਿਆ ਗਿਆ ਸੀ।

ਸਬੰਧਤ ਖ਼ਬਰ- ਪੁਲਿਸ ਨੇ ਕਿਹਾ 9 ਕਰੋੜ ਫੜੇ, ਪਰ ਫਾਦਰ ਐਂਥਨੀ ਨੇ ਦੱਸੇ 15 ਕਰੋੜ

ਉਨ੍ਹਾਂ ਦੱਸਿਆ ਕਿ ਜਦੋਂ ਖੰਨਾ ਪੁਲਿਸ ਆਈ ਤਾਂ ਬੈਂਕ ਦੇ ਮੁਲਾਜ਼ਮ ਪੈਸੇ ਗਿਣ ਰਹੇ ਸਨ। ਪੈਸੇ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਹੀ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਦੇ ਆਉਣ 'ਤੇ ਘਰ ਵਿੱਚ 16 ਕਰੋੜ ਰੁਪਏ ਮੌਜੂਦ ਸਨ। ਇਨਕਮ ਟੈਕਸ ਡਿਪਾਰਟਮੈਂਟ ਨੂੰ ਪੁਲਿਸ ਨੇ ਸਿਰਫ 9.66 ਕਰੋੜ ਦਿੱਤੇ ਹਨ। ਬਾਕੀ ਪੈਸਾ ਗਾਇਬ ਹੈ।