ਨਵੀਂ ਦਿੱਲੀ: ਵਿੱਤੀ ਸਾਲ 2019-20 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਰਥਕ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਣਗੇ। ਤੁਹਾਡੇ ਘਰ ਦਾ ਬਜਟ ਵਧ ਸਕਦਾ ਹੈ ਕਿਉਂਕਿ ਰਸੋਈ ਗੈਸ ਮਹਿੰਗੀ ਹੋ ਰਹੀ ਹੈ। ਇਸ ਦੇ ਨਾਲ ਹੀ ਜਨਤਕ ਵੰਡ ਪ੍ਰਣਾਲੀ ਤਹਿਤ ਵੇਚੇ ਜਾਣ ਵਾਲੇ ਮਿੱਟੀ ਦੇ ਤੇਲ ਦੀ ਕੀਮਤ ਵਿੱਚ ਵੀ ਮਾਮੂਲੀ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਬਿਨਾ ਸਬਸਿਡੀ ਵਾਲੇ LPG ਸਲੰਡਰ ਮਹਿੰਗੇ ਕਰ ਦਿੱਤੇ ਹਨ।


ਅੱਜ ਤੋਂ ਪੀਐਫ ਤੇ ਟੈਕਸੇਬਲ ਆਮਦਨ ਦੇ ਨਿਯਮਾਂ ਵਿੱਚ ਹੋ ਰਹੇ ਬਦਲਾਵ ਵੀ ਲਾਗੂ ਹੋ ਜਾਣਗੇ। ਇਸ ਦੇ ਨਾਲ ਹੀ ਕਈ ਗੱਡੀਆਂ ਵੀ ਮਹਿੰਗੀਆਂ ਹੋ ਜਾਣਗੀਆਂ। ਨਵੇਂ ਵਿੱਤੀ ਵਰ੍ਹੇ ਦੇ ਨਾਲ ਹੀ ਬਿਨਾ ਸਬਸਿਡੀ ਵਾਲੇ 14.2 ਕਿੱਲੋ ਦੇ ਰਸੋਈ ਗੈਸ ਸਲੰਡਰ ਦਾ ਭਾਅ ਪੰਜ ਰੁਪਏ ਵਧਾ ਕੇ 706.50 ਰੁਪਏ ਹੋ ਗਿਆ ਹੈ। ਇੱਕ ਮਹੀਨੇ ਅੰਦਰ LPG ਦੀਆਂ ਦਰਾਂ ਅੰਦਰ ਦੂਜੀ ਵਾਧਾ ਇਜ਼ਾਫ਼ਾ ਹੋਇਆ ਹੈ। ਇਸ ਤੋਂ ਪਹਿਲਾਂ ਪਹਿਲੀ ਮਾਰਚ, 2019 ਨੂੰ 42.5 ਰੁਪਏ ਪ੍ਰਤੀ ਸਲੰਡਰ ਦਾ ਵਾਧਾ ਕੀਤਾ ਗਿਆ ਸੀ।

ਉਪਭੋਗਤਾਵਾਂ ਨੂੰ ਇੱਕ ਸਾਲ ਵਿੱਚ ਸਬਸਿਡੀ ਵਾਲੀਆਂ ਕੀਮਤਾਂ 'ਤੇ 12 ਸਲੰਡਰ ਮਿਲਦੇ ਹਨ। ਸਲੰਡਰ ਦੀ ਜ਼ਰੂਰਤ ਹੋਣ 'ਤੇ ਉਨ੍ਹਾਂ ਨੂੰ ਬਿਨਾ ਸਬਸਿਡੀ ਵਾਲਾ ਸਲੰਡਰ ਲੈਣਾ ਪੈਂਦਾ ਹੈ। ਸਬਸਿਡੀ ਵਾਲੇ ਰਸੋਈ ਗੈਸ ਦੇ ਸਲੰਡਰ ਦੀ ਕੀਮਤ 495.86 ਰੁਪਏ ਹੈ, ਇਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ। ਮਿੱਟੀ ਦੇ ਤੇਲ ਦੀ ਕੀਮਤ 32.24 ਤੋਂ ਵਧਾ ਕੇ 32.54 ਰੁਪਏ ਕਰ ਦਿੱਤੀ ਗਈ ਹੈ।