ਵਰਧਾ (ਮਹਾਰਾਸ਼ਟਰ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਇਲਜ਼ਾਮ ਲਾਇਆ ਕਿ ਉਸ ਨੇ ਸ਼ਾਂਤੀਪਸੰਦ ਹਿੰਦੂਆਂ 'ਤੇ ਅੱਤਵਾਦੀ ਹੋਣ ਦਾ ਠੱਪਾ ਲਾਉਣ ਤੇ ਧਰਮ ਦੇ ਰਾਹ 'ਤੇ ਚੱਲਣ ਵਾਲਿਆਂ ਦਾ ਅਪਮਾਨ ਕਰਨ ਦਾ ਮਾੜਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ 'ਹਿੰਦੂ ਅੱਤਵਾਦ' ਕਾਂਗਰਸ ਵੱਲੋਂ ਇਜ਼ਾਦ ਕੀਤਾ ਗਿਆ ਸ਼ਬਦ ਹੈ। ਇਸ ਮੌਕੇ ਮੋਦੀ ਮਹਾਰਾਸ਼ਟਰ ਵਿੱਚ ਬੀਜੇਪੀ-ਸ਼ਿਵਸੈਨਾ ਗਠਜੋੜ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਵਰਧਾ ਪਹੁੰਚੇ ਸਨ।
ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਹੁਣ ਹਿੰਦੂ ਆਬਾਦੀ ਵਾਲੀਆਂ ਸੀਟਾਂ ਤੋਂ ਚੋਣਾਂ ਲੜਨ ਤੋਂ ਡਰ ਰਹੇ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਇਆ ਜੋ ਆਪਣੀ ਰਵਾਇਤੀ ਅਮੇਠੀ ਦੀ ਸੀਟ ਛੱਡ ਕੇ ਕੇਰਲ ਤੋਂ ਚੋਣ ਲੜ ਰਹੇ ਹਨ। ਦੱਸ ਦੇਈਏ ਰਾਹੁਲ ਗਾਂਧੀ 4 ਅਪਰੈਲ ਨੂੰ ਵਾਇਨਾਡ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਵਾਉਣਗੇ।
ਪੀਐਮ ਨੇ ਕਿਹਾ ਕਿ ਕਾਂਗਰਸ ਨੇ 'ਹਿੰਦੂ ਅੱਤਵਾਦ' ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਸ ਨੇ ਸ਼ਾਂਤੀ ਪਸੰਦ ਹਿੰਦੂਆਂ ਨੂੰ ਅੱਤਵਾਦੀ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਕੀ ਹਿੰਦੂ ਅੱਤਵਾਦ ਦੀ ਇੱਕ ਵੀ ਘਟਨਾ ਹੋਈ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿੰਦੂਆਂ ਦਾ ਅਪਮਾਨ ਕੀਤਾ ਹੈ ਤੇ ਜਨਤਾ ਨੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਸਜ਼ਾ ਦੇਣ ਦਾ ਫੈਸਲਾ ਕਰ ਲਿਆ ਹੈ। ਇਸ ਲਈ ਕਾਂਗਰਸ ਹਿੰਦੂ ਆਬਾਦੀ ਵਾਲੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨ ਤੋਂ ਡਰ ਰਹੀ ਹੈ।