ਮਾਛੀਵਾੜਾ ਸਾਹਿਬ :  ਮਾਛੀਵਾੜਾ ਸਾਹਿਬ ਦੇ ਗੁਰਥਲੀ ਨਹਿਰ ਪੁਲ ਵਿਖੇ ਇੱਕ ਪਿਤਾ ਨੇ ਆਪਣੇ ਢਾਈ ਸਾਲਾਂ ਦੇ ਬੱਚੇ ਨੂੰ ਨਹਿਰ 'ਚ ਸੁੱਟ ਕੇ ਮਾਰ ਦਿੱਤਾ ਹੈ। ਪੁਲਿਸ ਨੇ ਬੱਚੇ ਦੀ ਮਾਂ ਦੀ ਸ਼ਿਕਾਇਤ ਉਪਰ ਮੁਕੱਦਮਾ ਦਰਜ ਕਰਕੇ ਕਥਿਤ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਕਥਿਤ ਮੁਲਜ਼ਮ ਪਿਤਾ ਨੇ ਪਹਿਲਾਂ ਆਪਣੇ ਬੱਚੇ ਨੂੰ ਨਹਿਰ 'ਚ ਸੁਟਿਆ ਅਤੇ ਬਾਅਦ 'ਚ ਖੁਦ ਦੀ ਛਾਲ ਮਾਰਨ ਦੀ ਹਿੰਮਤ ਨਹੀਂ ਪਈ ਤਾਂ ਭੱਜ ਗਿਆ। ਜਿਸਨੂੰ ਕਾਬੂ ਕਰ ਲਿਆ ਗਿਆ।



ਥਾਣਾ ਕੂੰਮਕਲਾਂ ਪੁਲਿਸ ਨੇ ਪਹਿਲਾਂ ਇਸ ਮਾਮਲੇ `ਚ ਪਿਓ-ਪੁੱਤ ਦੇ ਇਕੱਠ ਲਾਪਤਾ ਹੋਣ ਸਬੰਧੀ ਪਤਨੀ ਦੇ ਬਿਆਨਾਂ 'ਤੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ ਪਰ ਫਿਰ ਬਾਅਦ 'ਚ ਸ਼ਿਕਾਇਤਕਰਤਾ ਪਤਨੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸ ਦੇ ਪਤੀ ਵੱਲ ਹੀ ਉਸ ਦੇ ਮਾਸੂਮ ਬੱਚੇ ਨੂੰ ਅਗਵਾ ਕਰ ਕੇ ਨੁਕਸਾਨ ਪਹੁੰਚਾਉਣ ਦਾ ਸ਼ੱਕ ਹੋ ਰਿਹਾ ਹੈ। ਜਿਸ ਤੋਂ ਬਾਅਦ ਥਾਣਾ ਪੁਲਿਸ ਨੇ ਬੀਤੀ 11 ਸਤੰਬਰ ਨੂੰ ਹਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਨਸੂਰਵਾਲ ਬੇਟ, ਥਾਣਾ ਢਿੱਲਵਾਂ, ਕਪੂਰਥਲਾ ਹਾਲ ਵਾਸੀ ਸ੍ਰੀ ਭੈਣੀ ਸਾਹਿਬ ਦੇ ਬਿਆਨਾਂ 'ਤੇ ਭੁਪਿੰਦਰ ਸਿੰਘ ਖਿਲਾਫ ਹੀ ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।

 

ਪੁਲਿਸ ਨੇ ਜਦੋਂ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਵੱਲੋਂ ਕੀਤੇ ਗਏ ਖੁਲਾਸਿਆਂ ਵਿਚ ਉਸ ਨੇ ਕਬੂਲਿਆ ਹੈ ਕਿ ਉਸ ਨੇ ਆਪਣੇ ਦੋ ਸਾਲਾ ਪੁੱਤਰ ਨੂੰ ਨਹਿਰ ਵਿਚ ਸੁੱਟ ਦਿੱਤਾ ਹੈ। ਓਥੇ ਹੀ ਦੋਸ਼ੀ ਦੀ ਪਤਨੀ ਹਰਜੀਤ ਕੌਰ ਦਾ ਕਹਿਣਾ ਹੈ ਕਿ ਮੇਰੇ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹਨ। ਉਸ ਔਰਤ ਨੇ ਮੇਰਾ ਪੁੱਤਰ ਨੂੰ ਕਿਤੇ ਲੁਕੋ ਕੇ ਰੱਖਿਆ ਹੋਇਆ ਹੈ। ਜੇ ਮੇਰੇ ਪਤੀ ਨੇ ਮੇਰੇ ਪੁੱਤਰ ਨੂੰ ਨਹਿਰ ਵਿਚ ਸੁੱਟ ਦਿੱਤਾ ਹੈ ਤਾਂ ਉਸਦੀ ਲਾਸ਼ ਵੀ ਮਿਲਣਾ ਚਾਹੀਦੀ ਹੈ। ਇਹ ਸਭ ਝੂਠ ਹੈ ਮੇਰਾ ਪੁੱਤਰ ਜ਼ਿੰਦਾ ਹੈ ਅਤੇ ਉਸ ਔਰਤ ਨੇ ਕਿੱਥੇ ਛੁਪਾ ਕੇ ਰੱਖਿਆ ਹੋਇਆ ਹੈ।


ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਬੀਤੀ 1 ਸਤੰਬਰ ਦੀ ਸ਼ਾਮ ਦੋਸ਼ੀ ਭੁਪਿੰਦਰ ਸਿੰਘ ਆਪਣੇ ਦੋ ਸਾਲਾ ਪੁੱਤ ਗੁਰਕੀਰਤ ਸਿੰਘ ਗੋਰੀ ਨਾਲ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਬੱਚੇ ਨੂੰ ਘੁਮਾ ਕੇ ਲਿਆਉਂਦਾ ਹੈ ਪਰ ਫਿਰ ਦੋਵੇਂ ਘਰ ਨਹੀਂ ਪਰਤੇ । ਭੁਪਿੰਦਰ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਦੋਸ਼ੀ ਭੁਪਿੰਦਰ ਸਿੰਘ ਨੂੰ ਸਖ਼ਤੀ ਨਾਲ਼ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਘਰੇਲੂ ਕਲੇਸ਼ ਦੇ ਚਲਦਿਆਂ 1 ਸਤੰਬਰ ਦੀ ਸ਼ਾਮ ਉਹ ਆਪਣੇ ਪੁੱਤ ਗੁਰਕੀਰਤ ਗੈਰੀ ਨੂੰ ਨਾਲ ਲੈ ਕੇ ਗੁਰਥਲੀ ਦੇ ਪੁਲ 'ਤੇ ਪਹੁੰਚਿਆ ,ਜਿੱਥੇ ਉਸ ਨੇ ਆਪਣੇ ਬੇਟੇ ਨੂੰ ਨਹਿਰ 'ਚ ਸੁੱਟ ਦਿੱਤਾ ਪਰ ਉਸ ਦਾ ਆਪਣਾ ਹੋਸਲਾ ਨਹਿਰ 'ਚ ਛਾਲ ਮਾਰਨ ਦਾ ਨਹੀਂ ਪਿਆ ਅਤੇ ਉੱਥੋਂ ਵਾਪਸ ਆ ਕੇ ਲੁੱਕ-ਛਿਪ ਕੇ ਰਹਿਣ ਲੱਗਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਿਤਾ ਭੁਪਿੰਦਰ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।